ਕਰਫਿਊ ਦੌਰਾਨ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਬਜ਼ੀਆਂ ਮੁਹੱਈਆ ਕਰਵਾਉਣ ਦਾ ਉਪਰਾਲਾ ਸ਼ੁਰੂ

03/26/2020 12:31:58 PM

ਫਤਿਹਗੜ੍ਹ ਸਾਹਿਬ (ਜਗਦੇਵ): ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ 'ਚ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਵਲੋਂ ਹੁਣ ਖਾਣ-ਪੀਣ ਦਾ ਸਾਮਾਨ  ਘਰੋ-ਘਰੀ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਅੱਜ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ 'ਚ ਰੇਹੜੀ ਵਾਲਿਆਂ ਵਲੋਂ ਸਬਜ਼ੀਆਂ ਵੰਡੀਆਂ ਗਈਆਂ। ਇਸ ਮੌਕੇ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਪੁਲਸ ਕਰਮਚਾਰੀਆਂ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਦੇ ਮੱਦੇਨਜ਼ਰ  ਪੂਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਜ਼ਿਲਾ ਨਿਵਾਸੀਆਂ ਨੂੰ ਕਰਫਿਊ ਲੱਗੇ ਹੋਣ ਕਾਰਨ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏਗਾ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਮਤਲਬ ਤੋਂ ਮੁਹੱਲੇ ਜਾਂ ਸੜਕਾਂ 'ਤੇ ਬਾਹਰ ਨਾ ਆਉਣ।

ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 31 ਮਰੀਜ਼ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਉਹੀ ਹਨ, ਜਿਹੜੇ ਮ੍ਰਿਤਕ ਬਲਦੇਵ ਸਿੰਘ ਨਾਲ ਸੰਪਰਕ 'ਚ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਲਗਭਗ  16000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ 'ਚ ਹੁਣ ਤੱਕ 13 ਮੌਤਾਂ ਕੋਰੋਨਾ ਕਾਰਨ  ਹੋ ਚੁੱਕੀਆਂ ਹਨ। ਪੰਜਾਬ 'ਚ ਕੋਰੋਨਾ ਦਾ ਪ੍ਰਭਾਵ ਵਧਣ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਕਰਫਿਊ ਦੌਰਾਨ ਕਿਸੇ ਨੂੰ ਕਿਸੇ ਵੀ ਕਿਸਮ ਦੀ ਛੋਟ  ਨਹੀਂ ਦਿੱਤੀ ਜਾ ਰਹੀ ਹੈ।

Shyna

This news is Content Editor Shyna