ਫੈਸ਼ਨ ਡਿਜ਼ਾਇਨਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

12/16/2019 1:09:56 AM

ਚੰਡੀਗੜ੍ਹ, (ਸੰਦੀਪ)— ਸੈਕਟਰ-19 'ਚ ਕਿਰਾਏ 'ਤੇ ਰਹਿਣ ਵਾਲੀ ਫੈਸ਼ਨ ਡਿਜ਼ਾਇਨਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਮੂਲਰੂਪ ਤੋਂ ਕੁੱਲੂ ਦੀ ਰਹਿਣ ਵਾਲੀ ਅਸ਼ਮਿਤਾ (20) ਦੇ ਤੌਰ 'ਤੇ ਹੋਈ ਹੈ। ਉਹ 2 ਮਹੀਨੇ ਪਹਿਲਾਂ ਹੀ ਇਥੇ ਸੈਕਟਰ-19 'ਚ ਕਿਰਾਏ 'ਤੇ ਰਹਿਣ ਆਈ ਸੀ ਤੇ ਸੈਕਟਰ-8 ਸਥਿਤ ਇਕ ਨਿੱਜੀ ਸੰਸਥਾਨ 'ਚ ਫ਼ੈਸ਼ਨ ਡਿਜ਼ਾਇਨਿੰਗ ਦੀ ਵਿਦਿਆਰਥਣ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੈਕਟਰ-16 ਹਸਪਤਾਲ ਦੇ ਲਾਸ਼ ਘਰ 'ਚ ਰਖਵਾ ਦਿੱਤਾ ਹੈ। ਪੁਲਸ ਨੇ ਇਸ ਵਿਸ਼ੇ 'ਚ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾਏਗੀ।

ਸਫਾਈ ਵਾਲੀ ਨੇ ਦਰਵਾਜ਼ਾ ਖੜਕਾਇਆ ਤਾਂ ਨਹੀਂ ਆਇਆ ਕੋਈ ਜਵਾਬ
ਅਸ਼ਮਿਤਾ ਤੇ ਉਸ ਦੀ ਇਕ ਸਹੇਲੀ ਸੈਕਟਰ-19 'ਚ ਕਿਰਾਏ ਦੇ ਕਮਰੇ 'ਚ ਰਹਿੰਦੇ ਸਨ । ਸ਼ਨੀਵਾਰ ਨੂੰ ਉਸ ਦੀ ਰੂਮ ਮੇਟ ਕਮਰੇ 'ਚ ਨਹੀਂ ਸੀ ਤੇ ਉਹ ਇਕੱਲੀ ਹੀ ਸੀ। ਸ਼ਨੀਵਾਰ ਰਾਤ 12 ਵਜੇ ਤੱਕ ਦੂਜੇ ਰੂਮ 'ਚ ਰਹਿਣ ਵਾਲੀ ਲੜਕੀ ਉਸ ਦੇ ਨਾਲ ਹੀ ਸੀ ਤੇ ਫਿਰ ਆਪਣੇ ਰੂਮ 'ਚ ਸੌਣ ਲਈ ਚਲੀ ਗਈ । ਇਸ ਤੋਂ ਬਾਅਦ ਅਸ਼ਮਿਤਾ ਨੇ ਆਪਣੇ ਰੂਮ ਦੀ ਅੰਦਰੋਂ ਕੁੰਡੀ ਲੱਗਾ ਲਈ। ਐਤਵਾਰ ਸਵੇਰੇ ਅਸ਼ਮਿਤਾ ਆਪਣੇ ਰੂਮ ਤੋਂ ਬਾਹਰ ਨਹੀਂ ਆਈ ਤਾਂ ਸਾਰਿਆ ਨੂੰ ਲੱਗਿਆ ਕਿ ਛੁੱਟੀ ਦਾ ਦਿਨ ਹੈ ਇਸ ਲਈ ਸ਼ਾਇਦ ਉਹ ਦੇਰ ਤੱਕ ਸੌਂ ਰਹੀ ਹੈ। ਦੁਪਹਿਰ ਡੇਢ ਵਜੇ ਰੂਮ ਦੀ ਸਫਾਈ ਕਰਨ ਲਈ ਸਫਾਈ ਵਾਲੀ ਉਥੇ ਆਈ। ਉਸ ਨੇ ਅਸ਼ਮਿਤਾ ਦੇ ਰੂਮ ਦੀ ਸਫਾਈ ਕਰਨ ਲਈ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਸਫਾਈ ਵਾਲੀ ਨੇ ਇਸ ਬਾਰੇ 'ਚ ਦੂਜੇ ਰੂਮ 'ਚ ਰਹਿਣ ਵਾਲੀ ਲੜਕੀਆਂ ਨੂੰ ਦੱਸਿਆ। ਉਨ੍ਹਾਂ ਲੜਕੀਆਂ ਨੇ ਦਰਵਾਜ਼ਾ ਖੜਕਾਉਂਦਿਆਂ ਅਸ਼ਮਿਤਾ ਨੂੰ ਲਗਾਤਾਰ ਆਵਾਜ਼ਾਂ ਮਾਰੀਆਂ, ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਜਦੋਂ ਉਨ੍ਹਾਂ ਨੇ ਖਿੜਕੀ ਤੋਂ ਰੂਮ ਦੇ ਅੰਦਰ ਦੇਖਿਆ ਤਾਂ ਅਸ਼ਮਿਤਾ ਨੇ ਫਾਹਾ ਲਿਆ ਹੋਇਆ ਸੀ। ਉਨ੍ਹਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਸੈਕਟਰ-19 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਅਸ਼ਮਿਤਾ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।

KamalJeet Singh

This news is Content Editor KamalJeet Singh