ਕਿਸਾਨ ਯੂਨੀਅਨ ਕਰੇਗੀ ਹੜ੍ਹ ਪੀੜਤਾਂ ਦੀ ਮਦਦ

08/24/2019 1:32:29 PM

ਪਟਿਆਲਾ (ਰਾਜੇਸ਼)—ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੀ ਮੀਟਿੰਗ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਜੰਗ ਸਿੰਘ ਭਟੇੜੀ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ. ਦਰਸ਼ਨ ਪਾਲ ਸੂਬਾ ਕਮੇਟੀ ਮੈਂਬਰ ਨਿਰਮਲ ਸਿੰਘ ਲਚਕਾਣੀ ਪ੍ਰੈੱਸ ਸਕੱਤਰ, ਗੁਰਮੀਤ ਸਿੰਘ ਦਿੱਤੂਪੁਰ ਸੀਨੀਅਰ ਕਿਸਾਨ ਆਗੂ ਤੋਂ ਇਲਾਵਾ ਸਮਾਣਾ ਸਨੌਰ, ਭੁਨਰਹੇੜੀ, ਪਟਿਆਲਾ-1, ਪਟਿਆਲਾ-2 ਅਤੇ ਨਾਭਾ ਬਲਾਕਾਂ ਤੋਂ ਬਲਾਕ ਪ੍ਰਧਾਨ ਕ੍ਰਮਵਾਰ ਟੇਕ ਸਿੰਘ ਅਸਰਪੁਰ, ਸੁਖਵਿੰਦਰ ਸਿੰਘ ਤੁੱਲੇਵਾਲ, ਦਵਿੰਦਰ ਸਿੰਘ ਮੰਜਾਲ ਕਲਾਂ, ਸ਼ੇਰ ਸਿੰਘ ਸਿੱਧੂਵਾਲ, ਗੁਰਮੀਤ ਸਿੰਘ ਖੇੜੀ ਮੱਲਾਂ ਅਤੇ ਗੁਰਮੀਤ ਸਿੰਘ ਦਿੱਤੂਪੁਰ ਸ਼ਾਮਲ ਹੋਏ।

ਮੀਟਿੰਗ ਵਿਚ ਲਏ ਗਏ ਫੈਸਲਿਆਂ 'ਚੋਂ ਪਹਿਲੇ ਫੈਸਲੇ ਅਨੁਸਾਰ ਯੂਨੀਅਨ ਦੇ ਪਟਿਆਲਾ ਜ਼ਿਲੇ ਵੱਲੋਂ ਹੜ੍ਹ ਪੀੜਤ ਇਲਾਕੇ ਦੇ ਲੋਕਾਂ ਲਈ ਸੁੱਕਾ ਰਾਸ਼ਨ ਇਕੱਠਾ ਕਰ ਕੇ 25 ਅਗਸਤ ਨੂੰ ਟਰੱਕਾਂ ਵਿਚ ਰੋਪੜ ਵਿਖੇ ਰੈੱਡ ਕਰਾਸ ਨਾਲ ਮਿਲ ਕੇ ਵੰਡਿਆ ਜਾਵੇਗਾ।ਦੂਸਰੇ ਫੈਸਲੇ ਅਨੁਸਾਰ, ਭੁਨਰਹੇੜੀ ਅਤੇ ਸਨੌਰ ਮੰਡੀ ਦੇ ਆੜ੍ਹਤੀਏ ਦਰਸ਼ਨ ਸਿੰਘ ਕੰਬੋਜ ਦੇ ਵਿਰੁੱਧ ਤੇਜਾਂ ਪਿੰਡ ਦੇ ਕਿਸਾਨਾਂ ਨਾਲ ਕੀਤੀ ਹੇਰਾ-ਫੇਰੀ ਕਰ ਕੇ ਉਸ ਦੇ ਘਰ ਅੱਗੇ 28 ਅਗਸਤ ਨੂੰ ਰੋਸ ਧਰਨਾ ਲਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਤੈਅ ਕੀਤਾ ਗਿਆ ਕਿ ਧਰਨੇ ਨੂੰ ਸਾਰੇ ਬਲਾਕਾਂ 'ਚੋਂ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋ ਕੇ ਕਾਮਯਾਬ ਕਰਨਗੇ।
ਤੀਸਰੇ ਫ਼ੈਸਲੇ ਅਨੁਸਾਰ, ਨਾਭਾ ਮੰਡੀ ਵਿਚ ਅਗੌਲ ਪਿੰਡ ਦੇ ਆੜ੍ਹਤੀਏ, ਜਿਸ ਨੇ ਪਰਮਜੀਤ ਸਿੰਘ ਪਿੰਡ ਖ਼ੁਰਦ ਦੇ ਕਿਸਾਨ ਵਿਰੁੱਧ ਸਾਢੇ 8 ਲੱਖ ਰੁਪਏ ਦਾ ਪਰਨੋਟ ਦਾ ਝੂਠਾ ਕੇਸ ਪਾਇਆ ਹੋਇਆ ਹੈ, ਵਿਰੁੱਧ 5 ਸਤੰਬਰ ਨੂੰ ਵਿਸ਼ਾਲ ਰੋਸ ਧਰਨਾ ਦੇਣ ਦੀਆਂ ਤਿਆਰੀਆਂ ਕੀਤੀਆਂ ਗਈਆਂ। ਰੋਸ ਧਰਨੇ ਤੋਂ ਬਾਅਦ ਰੋਸ ਮੁਜ਼ਾਹਰਾ ਕਰ ਕੇ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਨਾਭਾ ਦੇ ਦਫ਼ਤਰ ਤਕ ਰੋਸ ਮਾਰਚ ਕਰ ਕੇ ਮੰਗ-ਪੱਤਰ ਸੌਂਪਿਆ ਜਾਵੇਗਾ।

ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਘਰਾਂ ਦੀ ਬਿਜਲੀ ਦੇ ਰੇਟ ਬਹੁਤ ਵਧਾਏ ਗਏ ਹਨ। ਕਈ ਤਰ੍ਹਾਂ ਦੇ ਟੈਕਸ ਸਮੇਤ ਗਊ ਸੈੱਸ ਲਾ ਕੇ ਬਿਜਲੀ ਬਹੁਤ ਮਹਿੰਗੀ ਕੀਤੀ ਗਈ ਹੈ। ਚੌਥੇ ਫੈਸਲੇ ਅਨੁਸਾਰ ਇਸ ਮਹਿੰਗੀ ਬਿਜਲੀ ਦੇ ਵਿਰੁੱਧ 17 ਸਤੰਬਰ ਨੂੰ ਬਿਜਲੀ ਬੋਰਡ ਪਟਿਆਲਾ ਦੇ ਸਾਹਮਣੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਵਿਚ ਬਿਜਲੀ ਬਿੱਲਾਂ 'ਚ ਕੀਤੇ ਵਾਧੇ ਅਤੇ ਬਿਜਲੀ 'ਤੇ ਗਊ ਸੈੱਸ ਅਤੇ ਦੂਸਰੇ ਟੈਕਸ ਲਾਉਣ ਦਾ ਵਿਰੋਧ ਕੀਤਾ ਜਾਵੇਗਾ ਅਤੇ ਖੇਤੀ ਮੋਟਰਾਂ ਦੇ ਵੀ. ਡੀ. ਐੱਸ. ਦਾ ਰੇਟ 1200 ਰੁਪਏ ਪ੍ਰਤੀ ਹਾਊਸ ਪਾਵਰ ਕਰਨ ਦੀ ਮੰਗ ਕੀਤੀ ਜਾਵੇਗੀ।ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸੂਦਖੋਰੀ, ਆੜ੍ਹਤੀਆ ਪ੍ਰਬੰਧ ਦੇ ਵਿਰੁੱਧ ਅਤੇ ਵੱਧ ਰਹੇ ਕਿਸਾਨੀ ਕਰਜ਼ੇ ਤੋਂ ਮੁਕਤੀ ਅਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਸਾਰੇ ਪੰਜਾਬ ਦੀਆਂ ਤਹਿਸੀਲਾਂ 'ਤੇ ਜੋ ਕਰਜ਼ਾ ਮੁਕਤੀ ਅਤੇ ਸੂਦਖੋਰੀ ਵਿਰੋਧੀ ਰੋਸ ਮੁਜ਼ਾਹਰੇ ਅਤੇ ਧਰਨੇ ਦਿੱਤੇ ਜਾ ਰਹੇ ਹਨ, ਦੀ ਲੜੀ ਵਜੋਂ 5ਵੇਂ ਫੈਸਲੇ ਅਨੁਸਾਰ ਪਟਿਆਲਾ ਜ਼ਿਲੇ ਵਿਚ ਵੀ ਸਮਾਣਾ, ਪਾਤੜਾਂ, ਨਾਭਾ ਅਤੇ ਪਟਿਆਲਾ ਤਹਿਸੀਲ ਹੈੱਡ ਕੁਆਰਟਰਾਂ 'ਤੇ ਵੀ ਧਰਨੇ ਦਿੱਤੇ ਜਾਣਗੇ ਅਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਐੱਸ. ਡੀ. ਐੱਮਜ਼ ਰਾਹੀਂ ਕਰਜ਼ਾਮੁਕਤੀ ਅਤੇ ਸੂਦਖੋਰੀ ਵਿਰੋਧੀ ਮੰਗ-ਪੱਤਰ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ।

Shyna

This news is Content Editor Shyna