ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਤੇ ਬੱਚੇ ਵੀ ਕਿਸਾਨੀ ਸੰਘਰਸ਼ ’ਚ ਕੁੱਦੇੇ

12/19/2020 1:57:51 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਜਿੱਥੇ ਬਾਕੀ ਸਾਰੇ ਵਰਗਾਂ ਦੇ ਲੋਕ ਕਿਸਾਨਾਂ ਦੇ ਸੰਘਰਸ਼ ’ਚ ਮੋਢੇ ਨਾਲ ਮੋਢਾ ਲਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਡਟੇ ਹੋਏ ਹਨ, ਉਥੇ ਹੀ ਉਹ ਬੀਬੀਆਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਗਈਆਂ ਹਨ, ਜੋ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਆਪਣੇ ਪੁੱਤਰ ਜਾਂ ਪਤੀ ਗੁਵਾ ਚੁੱਕੀਆਂ ਹਨ। ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਆਪਣੇ ਸਿਰ ਚੜ੍ਹੇ ਹੋਏ ਕਰਜ਼ਿਆਂ ਦੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ।

ਬੜੀ ਤ੍ਰਾਸਦੀ ਹੈ ਕਿ ਪੋਹ ਦੇ ਮਹੀਨੇ ਪਾਲੇ ’ਚ ਇਹ ਬੀਬੀਆਂ ਤੇ ਬੱਚੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੀਆਂ ਫੋਟੋਆਂ ਆਪਣੇ ਹੱਥਾਂ ਵਿੱਚ ਲਈ ਬੈਠੇ ਹਨ ਤੇ ਦਿਲਾਂ ਅੰਦਰ ਇਹੋ ਹੀ ਭਾਵਨਾ ਹੈ ਕਿ ਉਹ ਇਹ ਲੜਾਈ ਜੋ ਕੇਂਦਰ ਸਰਕਾਰ ਦੇ ਨਾਲ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲੜੀ ਜਾ ਰਹੀ ਹੈ, ਨੂੰ ਜਿੱਤ ਕੇ ਹੀ ਵਾਪਸ ਪਰਤਣਗੇ। ਬੜਾ ਜਜ਼ਬਾ ਹੈ। ਇਨ੍ਹਾਂ ਬੀਬੀਆਂ ਦਾ ਇਹ ਸਪੱਸ਼ਟ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਿਆਂ ਨੂੰ ਤਾਂ ਗਵਾ ਲਿਆ ਹੈ, ਪਰ ਕਿਸੇ ਹੋਰ ਮਾਂ ਦਾ ਪੁੱਤ ਜਾਂ ਕਿਸੇ ਹੋਰ ਬੀਬੀ ਦਾ ਪਤੀ ਸਰਕਾਰਾਂ ਦੇ ਕਾਲੇ ਕਾਨੂੰਨਾਂ ਦੇ ਕਾਰਨ ਖ਼ੁਦਕੁਸ਼ੀਆਂ ਨਾ ਕਰੇ, ਬਸ ਇਸੇ ਗੱਲ ਨੂੰ ਲੈ ਕੇ ਉਹ ਇਥੇ ਡਟੀਆਂ ਖੜ੍ਹੀਆਂ ਹਨ। ਸਰਕਾਰ ਦੀ ਕਿਸੇ ਘੁਰਕੀ ਤੋਂ ਉਹ ਭੋਰਾ ਵੀ ਨਹੀਂ ਡਰਦੀਆਂ ਤੇ ਹੌਂਸਲੇ ਬੁਲੰਦ ਹਨ।

ਬੱਚਿਆਂ ਦੇ ਚਿਹਰਿਆਂ ਤੇ ਵੀ ਡਰ ਕਿਧਰੇ ਨਹੀਂ ਝਲਕ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਾਦਿੱਤਾ ਸਿੰਘ ਭਾਗਸਰ, ਗੁਰਭਗਤ ਸਿੰਘ ਭਲਾਈਆਣਾ, ਕਾਮਰੇਡ ਜਗਦੇਵ ਸਿੰਘ, ਰਾਜਾ ਸਿੰਘ ਮਹਾਬੱਧਰ, ਸੁਖਰਾਜ ਸਿੰਘ ਰਹੂੜਿਆਂ ਵਾਲੀ, ਨਰਿੰਦਰ ਸਿੰਘ ਫੌਜੀ ਮਹਾਬੱਧਰ ਤੇ ਹਰਫੂਲ ਸਿੰਘ ਭਾਗਸਰ ਆਦਿ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦਾ ਬੱਚਾ- ਬੱਚਾ ਹੁਣ ਜਾਗਰੂਕ ਹੋ ਗਿਆ ਹੈ ਤੇ ਆਪਣੇ ਹੱਕਾਂ ਲਈ ਲੋਕ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਕਿਸਾਨ ਹੁਣ ਪਿੱਛੇ ਮੁੜਣ ਵਾਲੇ ਨਹੀਂ। ਮੋਦੀ ਸਰਕਾਰ ਕਿਸਾਨਾਂ ਦਾ ਜਜ਼ਬਾ ਸਮਝੇ ਤੇ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰੇ।

ਠੰਡ ਤੋਂ ਬਚਣ ਲਈ 150 ਤਰਪਾਲਾਂ ਵੰਡੀਆਂ
ਟਿਕਰੀ ਬਾਰਡਰ ਤੇ ਖੁੱਲ੍ਹੇ ਆਸਮਾਨ ਹੇਠ ਬੈਠੇ ਕਿਸਾਨਾਂ ਲਈ ਜਿੱਥੇ ਹੋਰ ਸਾਮਾਨ ਭੇਜਿਆ ਜਾ ਰਿਹਾ ਹੈ, ਉਥੇ ਹੀ ਕੁਝ ਉੱਦਮੀ ਲੋਕਾਂ ਵੱਲੋਂ ਠੰਡ ਤੋਂ ਬਚਾਉਣ ਲਈ ਕਿਸਾਨਾਂ ਵਾਸਤੇ 150 ਤਰਪਾਲਾਂ ਵੰਡੀਆਂ ਹਨ। ਇਹ ਜਾਣਕਾਰੀ ਪਿੰਡ ਬੱਲਮਗੜ੍ਹ੍ਹਦੇ ਕਿਸਾਨ ਬੋਹੜ ਸਿੰਘ ਜਟਾਣਾ, ਅਮਰਜੋਤ ਸਿੰਘ ਖੁੰਡੇਹਲਾਲ ਤੇ ਜਗਤਾਰ ਸਿੰਘ ਖੂਨਣ ਕਲਾਂ ਨੇ ਦਿੱਤੀ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ ਤੇ ਬੂਟ-ਜੁਰਾਬਾਂ ਵੰਡ ਚੁੱਕੇ ਹਨ। ਹਾਦਸਿਆਂ ਤੋਂ ਬਚਾਉਣ ਲਈ ਟਰੈਕਟਰ-ਟਰਾਲੀਆਂ ’ਤੇ ਰਿਫਲੈਕਟਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੌਰਾਨ ਹਰੇਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

Shyna

This news is Content Editor Shyna