ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਜਨਤਕ ਜਥੇਬੰਦੀਆਂ ਨੇ ਰੋਸ ਮਾਰਚ ਕਰਕੇ ਫੂਕਿਆ ਮੋਦੀ ਦਾ ਪੁਤਲਾ

12/05/2020 5:59:59 PM

ਲੰਬੀ/ਮਲੋਟ (ਜੁਨੇਜਾ): ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੇ ਸਮਰਥਨ 'ਚ ਇਲਾਕਾ ਲੰਬੀ ਦੀਆਂ ਜਨਤਕ ਜਥੇਬੰਦੀਆਂ ਦੀ ਗਠਿਤ ਕਿਸਾਨ ਸੰਘਰਸ਼ ਸਮਰਥਨ ਕਮੇਟੀ ਵਲੋਂ ਲੰਬੀ ਵਿਖੇ ਬਿਜਲੀ ਘਰ ਤੋਂ ਲੈ ਕੇ ਬੱਸ ਅੱਡੇ ਤੱਕ ਰੋਸ ਭਰਪੂਰ ਮਾਰਚ ਕਰਨ ਉਪਰੰਤ ਮੋਦੀ, ਅੰਬਾਨੀ ਅਤੇ ਅਡਾਨੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਟੈਕਨੀਕਲ ਸਰਵਿਸਜ ਯੂਨੀਅਨ, ਮੈਡੀਕਲ ਪ੍ਰੋਕੈਟੀਸ਼ਨਰ ਐਸੋਸੀਏਸਨ, ਪੰਜਾਬ ਖੇਤ ਮਜਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਡੈਮੋਕਰੇਟਿਕ ਟੀਚਰਜ ਫਰੰਟ, ਨੌਜਵਾਨ ਭਾਰਤ ਸਭਾ, ਠੇਕਾ ਮੁਲਾਜਮ ਸੰਘਰਸ਼ ਮੋਰਚਾ, ਪੈਨਸ਼ਨਰਜ ਐਸੋਸੀਏਸ਼ਨ, ਕਰਿਆਨਾ ਮਰਚੈਂਟਸ ਐਸੋਸੀਏਸ਼ਨ ਸਮੇਤ ਜਥੇਬੰਦੀਆਂ ਦੇ ਸਰਗਰਮ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਭਰਵੀਂ ਗਿਣਤੀ 'ਚ ਬੱਚੇ ਵੀ ਸ਼ਾਮਿਲ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਿਲਾਵਰ ਸਿੰਘ ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਖੁੰਨਣ ਖੁਰਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਭੁਪਿੰਦਰ ਸਿੰਘ ਚੰਨੂ ਅਤੇ ਹਰਭਗਵਾਨ ਸਿੰਘ ਲੰਬੀ ਨੇ ਕਿਹਾ ਕਿ ਕਿਸਾਨ ਸੰਘਰਸ਼  ਅੱਜ ਇਕ ਇਤਹਾਸਿਕ ਪੜਾਅ ਤੇ ਪੁੱਜ ਚੁੱਕਾ ਹੈ ਜਿਸ ਵਿਚ ਹਰ ਵਰਗ ਦਾ ਯੋਗਦਾਨ ਹੈ। ਪਰ ਕਿਸਾਨ ਆਗੂ ਸਬਰ ਸੰਤੋਖ, ਜਾਬਤੇ ਅਤੇ ਦ੍ਰਿੜ ਨਿਸਚੇ ਦੇ ਚੱਲਦਿਆਂ ਇਸ ਸੰਘਰਸ ਨੂੰ ਉਸ ਮੁਕਾਮ ਤੱਕ ਲੈ ਗਏ ਹਨ ਜਿੱਥੇ ਸਰਕਾਰ ਕੋਲ ਕਿਸਾਨਾਂ ਦੀਆਂ ਮੰਗਾਂ ਮੰਨਣ ਤੋ ਬਿਨਾਂ ਕੋਈ ਦੂਜਾ ਰਾਹ ਨਹੀਂ ਬਚਿਆ।

ਇਸ ਮੌਕੇ ਟੀ.ਐਸ.ਯੂ. ਮੰਡਲ ਬਾਦਲ ਦੇ ਪ੍ਰਧਾਨ ਸਤਪਾਲ ਬਾਦਲ, ਮੈਡੀਕਲ ਪ੍ਰੈਕਟੀਸਨਰ ਐਸੋਸੀਏਸਨ ਦੇ ਮਹਿੰਦਰ ਸਿੰਘ ਖੁੱਡੀਆਂ, ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਰਾਕੇਸ ਕੁਮਾਰ, ਡੈਮੋਕਰੇਟਿਕ ਟੀਚਰਜ ਫਰੰਟ ਦੇ ਕੁਲਦੀਪ ਸ਼ਰਮਾ ਖੁੱਡੀਆ, ਪੈਨਸਨਰਜ ਐਸੋਸੀਏਸਨ ਦੇ ਸੁੰਦਰ ਪਾਲ, ਸਾਬਕਾ ਆਗੂ ਸੁਖਦਰਸ਼ਨ ਸਿੰਘ ਅਤੇ ਪ੍ਰਕਾਸ ਚੰਦ ਚੰਨੂੰ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਕਾਲਾ ਸਿੰਘ ਸਿੰਘੇਵਾਲਾ, ਨੋਜਵਾਨ ਭਾਰਤ ਸਭਾ ਦੇ ਜਗਦੀਪ ਸਿੰਘ ਖੁੱਡੀਆਂ ਆਦਿ ਆਗੂਆਂ ਨੇ ਵੀ ਆਪਣੇ ਸੰਬੋਧਨ ਵਿੱਚ ਮੋਦੀ ਹਕੂਮਤ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਸਖਤ ਅਲੋਚਨਾ ਕੀਤੀ।

Shyna

This news is Content Editor Shyna