ਕਿਸਾਨ ਦਿੱਲੀ ਘਿਰਾਓ ਲਈ ਹੋਏ ਰਵਾਨਾ

02/22/2018 5:54:39 PM

ਫਾਜ਼ਿਲਕਾ (ਲੀਲਾਧਰ, ਨਾਗਪਾਲ) - ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸਵਾਮੀਨਾਥਨ ਰਿਪੋਰਟ, ਕਰਜ਼ਾ ਮੁਕਤੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਦੇਸ਼ ਭਰ ਦੀਆਂ 62 ਜਥੇਬੰਦੀਆਂ ਦੇ ਮੈਂਬਰ 23 ਫਰਵਰੀ ਨੂੰ ਹੋਣ ਵਾਲੇ ਦਿੱਲੀ ਘਿਰਾਓ ਸਬੰਧੀ ਕੁਰੂਕਸ਼ੇਤਰ ਲਈ ਰਵਾਨਾ ਹੋ ਗਏ ਹਨ। ਇਸ ਦੀ ਅਗਵਾਈ ਸੂਬਾਈ ਸਕੱਤਰ ਮਾਸਟਰ ਬੂਟਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਉਹ ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਟਰੈਕਟਰ-ਟਰਾਲੀਆਂ ਨਾਲ ਦਿੱਲੀ ਤੋਂ ਅਟਾਰੀ ਬਾਰਡਰ ਨੂੰ ਆਉਣ ਵਾਲੇ ਮੁੱਖ ਮਾਰਗ ਨੂੰ ਜਾਮ ਕਰਨਗੇ। 
ਸੂਬਾਈ ਪ੍ਰੈੱਸ ਸਕੱਤਰ ਮਾਸਟਰ ਬੂਟਾ ਸਿੰਘ ਅਤੇ ਜ਼ਿਲਾ ਸੋਸ਼ਲ ਮੀਡੀਆ ਇੰਚਾਰਜ ਦਰਸ਼ਨ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੱਤਾ 'ਚ ਕੋਈ ਸਰਕਾਰ ਰਹੀ ਹੋਵੇ ਹਰ ਸਰਕਾਰ ਨੇ ਕਿਸਾਨਾਂ ਦਾ ਸ਼ੋਸ਼ਣ ਕੀਤਾ, ਜਿਸ ਦੇ ਸਿੱਟੇ ਵਜੋਂ ਦੁਨੀਆ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨਾਲ ਹੋਣ ਵਾਲੇ ਦਿੱਲੀ ਘਿਰਾਓ ਦੌਰਾਨ 'ਕਰੋ ਜਾਂ ਮਰੋ' ਦੀ ਨੀਤੀ ਤਹਿਤ ਇਸ ਵਾਰ ਕਿਸਾਨ ਸਰਕਾਰਾਂ ਦੇ ਲਾਰਿਆਂ 'ਚ ਨਾ ਆ ਕੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਪਰਤਣਗੇ ।