ਰਜਬਾਹੇ 'ਚ ਪੈਂਦਾ ਨਹਿਰੀ ਪਾਣੀ ਰੋਕਿਆ,ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਖ਼ਿਲਾਫ਼ ਭੜਕੇ ਕਿਸਾਨ

06/16/2020 5:04:39 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਨਹਿਰੀ ਮਹਿਕਮੇ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਝੀਂਡਵਾਲਾ ਤੋਂ ਨਿਕਲਦੇ ਦੋ ਰਜਬਾਹਿਆਂ ਅਰਨੀਵਾਲਾ ਰਜਬਾਹਾ ਅਤੇ ਭਾਗਸਰ ਰਜਬਾਹੇ ਵਿਚ ਐਨ ਉਸ ਮੌਕੇ 'ਤੇ ਆ ਕੇ ਨਹਿਰੀ ਪਾਣੀ ਬੰਦ ਕਰ ਦਿੱਤਾ ਹੈ ਜਦੋਂਕਿ ਕਿਸਾਨਾਂ ਨੂੰ ਝੋਨਾ ਲਾਉਣ ਲਈ ਨਹਿਰੀ ਪਾਣੀ ਦੀ ਬੇਹੱਦ ਲੋੜ ਸੀ। ਜਿਸ ਕਰਕੇ ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਖਿਲਾਫ਼ ਇਸ ਖੇਤਰ ਦੇ ਕਿਸਾਨ ਭੜਕ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸਰਕਾਰ ਪਹਿਲਾਂ ਹੀ ਆਰਥਿਕ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਹੋ ਚੁੱਕੀ ਕਿਸਾਨੀ ਨੂੰ ਮਾਰਨਾ ਚਾਹੁੰਦੀ ਹੈ। ਕਿਸਾਨ ਦਿਲਬਾਗ ਸਿੰਘ ਬਰਾੜ, ਮਨਦੀਪ ਸਿੰਘ ਧਾਲੀਵਾਲ ਤੇ ਸੁਖਪਾਲ ਸਿੰਘ ਗਿੱਲ ਨੇ ਕਿਹਾ ਹੈ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਕਿਸਾਨ ਝੋਨਾ ਲਾਉਣ ਦੀ ਸ਼ੁਰੂਆਤ 10 ਜੂਨ ਤੋਂ ਕਰਨ ਅਤੇ ਕਿਸਾਨ ਵਰਗ ਨੂੰ ਬਿਜਲੀ, ਪਾਣੀ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪਰ ਹੁਣ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਹੈ ਤੇ ਖੇਤੀਬਾੜੀ ਮਹਿਕਮਾ ਵੀ ਇਸ ਔਖੀ ਘੜੀ ਵਿਚ ਕਿਸਾਨ ਵਰਗ ਦਾ ਸਾਥ ਨਹੀ ਦੇ ਰਿਹਾ। ਜਿਸ ਕਰਕੇ ਕਿਸਾਨ ਬੇਹੱਦ ਪ੍ਰੇਸ਼ਾਨ ਹਨ ਕਿਉਕਿ ਕਿਸਾਨਾਂ ਨੂੰ ਝੋਨੇ ਲਈ ਪੂਰਾ ਨਹਿਰੀ ਪਾਣੀ ਨਹੀ ਮਿਲ ਰਿਹਾ। ਨਹਿਰੀ ਮਹਿਕਮੇ ਵੱਲੋਂ ਨਹਿਰੀ ਪਾਣੀ ਦੀ ਵਾਰ ਬੰਦੀ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਪਾਣੀ ਦੀ ਵਾਰ ਬੰਦੀ ਦੇ ਕਾਰਨ ਕਈ ਕਿਸਾਨਾਂ ਦੇ ਖੇਤਾਂ ਵਿਚ ਲਾਏ ਝੋਨਿਆਂ ਚੋਂ ਪਾਣੀ ਸੁੱਕਣ ਲੱਗਾ ਹੈ।

ਇਸੇ ਦੌਰਾਨ ਬੀਤੇਂ ਦਿਨੀਂ ਭਾਗਸਰ ਰਜਬਾਹੇ 'ਤੇ ਪਿੰਡ ਭਾਗਸਰ ਵਿਖੇ ਗੰਧੜ ਪਿੰਡ ਨੂੰ ਜਾਣ ਵਾਲੀ ਸੜਕ ਤੇ ਪੈਂਦੇ ਰਜਬਾਹੇ ਦੇ ਪੁੱਲ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਨੇ ਯੂਨੀਅਨ ਦੇ ਸੀਨੀਅਰ ਆਗੂ ਗੁਰਾਂਦਿੱਤਾ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਦੇ ਖਿਲਾਫ਼ ਨਾਅਰੇਬਾਜੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਬੰਦ ਪਏ ਰਜਬਾਹਿਆਂ ਵਿਚ ਤੁਰੰਤ ਪਾਣੀ ਛੱਡਿਆ ਜਾਵੇ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਹੀ ਕਿਸਾਨ ਵਿਰੋਧੀ ਰਹੀਆਂ ਹਨ। ਜਿਕਰਯੋਗ ਹੈ ਕਿ ਜੇਕਰ ਰਜਬਾਹੇ ਵਿਚ ਪਾਣੀ ਆ ਜਾਵੇ ਤਾਂ ਫੇਰ ਹੀ ਕਿਸਾਨ ਝੋਨਾ ਲਗਾ ਸਕਣਗੇ। ਕਿਉਂਕਿ ਅਜੇ ਅਨੇਕਾਂ ਕਿਸਾਨਾਂ ਨੇ ਝੋਨਾ ਲਾਉਣਾ ਹੈ ਤੇ ਉਹ ਆਪਣੀਆਂ ਜ਼ਮੀਨਾਂ ਨੂੰ ਸੰਵਾਰ ਕੇ ਰੱਖੀ ਬੈਠੇ ਹਨ। ਜਦ ਨਹਿਰੀ ਪਾਣੀ ਆਵੇਗਾ, ਤਾਂ ਹੀ ਉਹ ਝੋਨਾ ਲਾਉਣਗੇ। ਉਤੋਂ ਐਤਕੀਂ ਝੋਨਾ ਲਗਾਉਣ ਲਈ ਮਜ਼ਦੂਰਾਂ ਦੀ ਘਾਟ ਵੀ ਰੜਕ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਹਫ਼ਤਾ ਪਾਣੀ ਨਾ ਮਿਲਣ ਕਰਕੇ ਬੀਜ-ਬਿਜਾਈ ਦੇ ਕੰਮ 'ਤੇ ਬਹੁਤ ਮਾੜਾ ਅਸਰ ਪਵੇਗਾ। ਜਿੰਨ੍ਹਾਂ ਕਿਸਾਨਾਂ  ਦੇ ਖੇਤਾਂ ਵਿਚ ਟਿਊਬਵੈਲ ਲੱਗੇ ਹੋਏ ਹਨ; ਉਹਨਾਂ ਕਿਸਾਨਾਂ ਨੂੰ 70 ਰੁਪਏ ਪ੍ਰਤੀ ਲੀਟਰ ਡੀਜ਼ਲ ਖਰੀਦ ਕੇ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਡੀਜ਼ਲ ਇੰਜਣ, ਟਰੈਕਟਰ ਅਤੇ ਜਨਰੇਟਰਾਂ ਨੂੰ ਚਲਾ ਕੇ ਟਿਊਬਵੈਲ ਚਲਾਉਣੇ ਪੈ ਰਹੇ ਹਨ।

ਕਿਸਾਨਾਂ ਦਾ ਇਹ ਵੀ ਦੋਸ਼ ਹੈ ਕਿ ਟਿਊਬਵੈਲਾਂ ਦੀਆਂ ਮੋਟਰਾਂ ਚਲਾਉਣ ਵਾਲੀ ਬਿਜਲੀ ਵੀ ਕਿਸਾਨਾਂ ਨੂੰ ਪੂਰੀ ਨਹੀ ਮਿਲ ਰਹੀ। ਜਦ ਕਿ ਕਿਸਾਨਾਂ ਦੀ ਮੰਗ ਹੈ ਕਿ ਹਰ ਰੋਜ 16 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ। ਇਕ ਗੱਲ ਹੋਰ ਹੈ ਕਿ ਜਿੰਨ੍ਹਾਂ ਕਿਸਾਨਾਂ ਦੇ ਕੋਲ ਟਿਊਬਵੈਲ ਵਾਲੀਆਂ ਮੋਟਰਾਂ ਦਾ ਕੋਈ ਪ੍ਰਬੰਧ ਨਹੀ ਹੈ, ਉਹ ਤਾਂ ਇਕੱਲੇ ਨਹਿਰੀ ਪਾਣੀ 'ਤੇ ਹੀ ਨਿਰਭਰ ਹਨ ਤੇ ਜਦ ਨਹਿਰੀ ਪਾਣੀ ਹੀ ਕਿਸਾਨਾਂ ਨੂੰ ਨਹੀਂ ਮਿਲੇਗਾ ਤਾ ਉਹ ਆਪਣੇ ਖੇਤਾਂ ਵਿਚ ਝੋਨਾ ਕਿਸ ਤਰ੍ਹਾਂ ਲਾਉਣਗੇ। ਕਿਸਾਨਾਂ ਦੇ ਦੱਸਣ ਮੁਤਾਬਕ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਅਤੇ ਝੋਨੇ ਵਿਚ ਠੱਲਣ ਲਈ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਦੂਜੇ ਪਾਸੇ ਜਿੰਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਨਰਮਾ ਬੀਜਿਆ ਹੋਇਆ ਹੈ ਉਹ ਕਿਸਾਨ ਵੀ ਨਹਿਰੀ ਪਾਣੀ ਬੰਦ ਹੋਣ ਕਰਕੇ ਕਾਫ਼ੀ ਪ੍ਰੇਸ਼ਾਨ ਹਨ। ਕਿਉਕਿ ਜ਼ਿਆਦਾ ਗਰਮੀ ਪੈਣ ਕਰਕੇ ਨਰਮੇ ਦੀ ਫਸਲ 'ਤੇ ਵੀ ਪਾਣੀ ਬਿਨਾਂ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਪਾਉਣ ਲਈ ਹਰੇ ਚਾਰੇ ਅਤੇ ਸਬਜ਼ੀਆਂ ਆਦਿ ਲਈ ਵੀ ਨਹਿਰੀ ਪਾਣੀ ਦੀ ਲੋੜ ਹੈ।

ਕੀ ਕਹਿਣਾ ਹੈ ਕਿਸਾਨ ਵਰਗ ਦਾ

ਜਦੋਂ ਰਜਬਾਹਿਆਂ ਵਿਚ ਨਹਿਰੀ ਪਾਣੀ ਦੀ ਬੰਦੀ ਬਾਰੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਰਿਆਂ ਦਾ ਇਹੋ ਹੀ ਕਹਿਣਾ ਸੀ ਕਿ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਨਹਿਰੀ ਪਾਣੀ ਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ। ਕਿਸਾਨ ਮਹਿੰਦਰ ਸਿੰਘ ਬਰਾੜ, ਬਲਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਨੰਦਗੜ੍ਹ, ਧਨਵੰਤ ਸਿੰਘ ਬਰਾੜ ਲੱਖੇਵਾਲੀ, ਬਿਕਰਮਜੀਤ ਸਿੰਘ ਸੰਮੇਵਾਲੀ, ਸ਼ੇਰਬਾਜ ਲੱਖੇਵਾਲੀ, ਪ੍ਰਗਟ ਸਿੰਘ ਗੰਧੜ, ਗੁਰਪ੍ਰੀਤ ਸਿੰਘ ਮਹਾਂਬੱਧਰ, ਬਲਕਾਰ ਸਿੰਘ ਬਰਾੜ, ਮੰਦਰ ਸਿੰਘ ਮੌੜ, ਜਗਸੀਰ ਸਿੰਘ ਰਾਮਗੜ੍ਹ ਚੁੰਘਾਂ, ਭੁਪਿੰਦਰ ਸਿੰਘ ਤੇ ਡਾਕਟਰ ਸੁਰਿੰਦਰ ਸਿੰਘ ਭੁੱਲਰ ਕੌੜਿਆਂਵਾਲੀ ਨੇ ਕਿਹਾ ਕਿ ਸਰਕਾਰ ਅਤੇ ਨਹਿਰੀ ਮਹਿਕਮਾ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ। ਹਰ ਸਾਲ ਹੀ ਜਦ ਝੋਨਾ ਲਗਾਉਣ ਦਾ ਮੌਸਮ ਆਉਂਦਾ ਹੈ ਤਾਂ ਨਹਿਰੀ ਮਹਿਕਮਾ ਨਹਿਰੀ ਪਾਣੀ ਬੰਦ ਕਰ ਦਿੰਦਾ ਹੈ। ਜਿਸ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਕਿਸਾਨਾਂ ਨੂੰ ਹਜ਼ਾਰਾਂ ਰੁਪਏ ਦਾ ਡੀਜ਼ਲ-ਤੇਲ ਬਾਲਣਾ ਪੈਦਾ ਹੈ ਜਦ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ ਤੇ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ।

ਜਿਲ੍ਹਾ ਪ੍ਰਸ਼ਾਸ਼ਨ ਨੇ ਧਾਰੀ ਹੋਈ ਹੈ ਚੁੱਪ

ਨਹਿਰੀ ਪਾਣੀ ਬੰਦ ਕਰਕੇ ਜਿੱਥੇ ਕਿਸਾਨ ਵਰਗ ਬੇਹੱਦ ਤੰਗ-ਪ੍ਰੇਸ਼ਾਨ ਤੇ ਦੁੱਖੀ ਹੋ ਰਿਹਾ ਹੈ ਉਥੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਇਸ ਸਬੰਧ ਵਿਚ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ ਅਤੇ ਕਿਸਾਨਾਂ ਦੀ ਮੁਸ਼ਕਿਲ ਵੱਲ ਉੱਕਾ ਹੀ ਧਿਆਨ ਨਹੀ ਦਿੱਤਾ ਜਾ ਰਿਹਾ। ਨਹਿਰੀ ਮਹਿਕਮਾ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਤੇ ਮਹਿਕਮੇ ਦੇ ਅਧਿਕਾਰੀ ਸਿਰਫ਼ ਇਹੋ ਹੀ ਕਹਿ ਰਹੇ ਹਨ ਕਿ ਪਿੱਛੋਂ ਪਾਣੀ ਘੱਟ ਮਿਲ ਰਿਹਾ ਹੈ ਤੇ ਸਰਹੰਦ ਫੀਡਰ ਨਹਿਰ ਵਿਚ ਪਾਣੀ ਘੱਟ ਆ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਵਾਰ ਬੰਦੀ ਕਰਨੀ ਪੈ ਰਹੀ ਹੈ।

ਸਿਆਸੀ ਆਗੂਆਂ ਨੇ ਕਿਸਾਨਾਂ ਨੂੰ ਮਨੋ ਵਸਾਰਿਆ

ਵੋਟਾਂ ਵੇਲੇ ਆ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਕਿਸਾਨਾਂ ਨਾਲ ਬੜੇ ਵਾਅਦੇ 'ਤੇ ਦਾਅਵੇ ਕਰਦੇ ਹਨ। ਪਰ ਜਦ ਵੀ ਕਿਸਾਨਾਂ ਤੇ ਕੋਈ ਮੁਸ਼ਕਲ ਦੀ ਘੜੀ ਆਉਦੀ ਹੈ ਤਾਂ ਫੇਰ ਕਿਸੇ ਪਾਰਟੀ ਦਾ ਆਗੂ ਵੀ ਕਿਸਾਨਾਂ ਦੀ ਬਾਂਹ ਨਹੀ ਫੜਦਾ। ਹੁਣ ਮਾਮਲਾ ਰਜਬਾਹਿਆਂ ਵਿਚ ਨਹਿਰੀ ਪਾਣ ਨੂੰ ਬੰਦ ਕਰਨ ਦਾ ਹੈ। ਸਮੁੱਚਾ ਕਿਸਾਨ ਵਰਗ ਪ੍ਰੇਸ਼ਾਨ ਹੈ। ਪਰ ਇਸ ਮਸਲੇ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਿਆ। ਮੌਜ਼ੂਦਾ ਸਰਕਾਰ ਨਾਲ ਸਬੰਧਿਤ ਆਗੂਆਂ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਡਿਪਟੀ ਸਪੀਕਰ ਪੰਜਾਬ ਅਜਾਇਬ ਸਿੰਘ ਭੱਟੀ ਦੇ ਹਲਕੇ ਮਲੋਟ ਅਧੀਨ ਆਉਦੇ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨੂੰ ਬੰਦ ਕਰਨ ਕਰਕੇ ਪ੍ਰੇਸ਼ਾਨ ਹਨ। ਬਾਕੀ ਵਿਰੋਧੀ ਪਾਰਟੀਆਂ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਵੀ ਸੁੱਤੇ ਪਏ ਨਜਰ ਆ ਰਹੇ ਹਨ।
 

Harinder Kaur

This news is Content Editor Harinder Kaur