ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ

12/22/2019 7:36:42 PM

ਲੌਂਗੋਵਾਲ, (ਵਸ਼ਿਸ਼ਟ, ਵਿਜੇ)— ਨੇੜਲੇ ਪਿੰਡ ਪਿੰਡੀ ਢਿੱਲਵਾਂ 'ਚ ਕਰਜ਼ੇ ਦੇ ਦੈਂਤ ਨੇ ਇਕ 38 ਸਾਲਾ ਕਿਸਾਨ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਮੇਜਰ ਸਿੰਘ ਉਰਫ਼ ਰਾਜ ਸਿੰਘ ਪੁੱਤਰ ਨਰੰਜਣ ਸਿੰਘ ਆਪਣੇ ਘਰੋਂ ਗਿਆ ਸੀ ਤੇ ਜਦ ਉਹ 11 ਵਜੇ ਤੱਕ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਦ ਖੇਤ ਜਾ ਕੇ ਦੇਖਿਆ ਤਾਂ ਉਕਤ ਕਿਸਾਨ ਮ੍ਰਿਤਕ ਹਾਲਤ 'ਚ ਡੇਕ ਦੇ ਦਰੱਖਤ ਨਾਲ ਲਟਕ ਰਿਹਾ ਸੀ। ਮ੍ਰਿਤਕ ਦੇ ਚਾਚਾ ਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੇਜਰ ਸਿੰਘ ਦੇ ਕੋਲ ਮਹਿਜ਼ ਡੇਢ ਏਕੜ ਜ਼ਮੀਨ ਸੀ ਤੇ ਉਸ ਦੇ ਸਿਰ 12 ਲੱਖ ਦੇ ਕਰੀਬ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਸੀ। ਮੇਜਰ ਸਿੰਘ ਦਾ ਨਾਂ ਕਰਜ਼ਾ ਮੁਆਫ਼ੀ ਵਾਲੀ ਸੂਚੀ 'ਚ ਨਹੀਂ ਆਇਆ ਸੀ। ਉਸ ਦੇ ਪਰਿਵਾਰ 'ਚ ਉਸ ਦੀ ਵਿਆਹੁਣਯੋਗ ਪੁੱਤਰੀ ਤੇ ਇਕ ਪੁੱਤਰ ਹੈ। ਸਾਬਕਾ ਸਰਪੰਚ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਢਿੱਲੋਂ ਤੇ ਪ੍ਰੀਤਮ ਸਿੰਘ ਢਿੱਲੋਂ ਨੇ ਦੱਸਿਆ ਕਿ ਕਰਜ਼ੇ ਕਾਰਣ ਤੇ ਲੜਕੀ ਦੇ ਵਿਆਹ ਨੂੰ ਲੈ ਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਤੇ ਇਸੇ ਕਾਰਣ ਹੀ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦੇ ਪਤਵੰਤਿਆਂ ਨੇ ਮ੍ਰਿਤਕ ਦਾ ਕਰਜ਼ਾ ਮੁਆਫ਼ ਕਰਨ ਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੇ ਜਾਣ ਦੀ ਮੰਗ ਕੀਤੀ ਹੈ।

KamalJeet Singh

This news is Content Editor KamalJeet Singh