ਕਰਜ਼ੇ ਦੀ ਪੰਡ ਨੇ ਕੱਖੋਂ ਹੌਲਾ ਕੀਤਾ ਕਿਸਾਨ, ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ

11/30/2022 5:30:25 PM

ਲਹਿਰਾਗਾਗਾ (ਗਰਗ/ਜਿੰਦਲ) : ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਲਹਿਲ ਖੁਰਦ ਦੇ ਕਿਸਾਨ ਲਖਵੀਰ ਸਿੰਘ (40) ਪੁੱਤਰ ਜੋਗਿੰਦਰ ਸਿੰਘ ਨੇ ਕਿਸਾਨੀ ਕਰਜ਼ੇ ਤੋਂ ਤੰਗ ਆ ਕੇ ਬੀਤੀ ਸ਼ਾਮ 4 ਵਜੇ ਦੇ ਕਰੀਬ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਅਤੇ ਮਾਤਾ-ਪਿਤਾ ਛੱਡ ਗਿਆ ਹੈ। ਲਖਵੀਰ ਸਿੰਘ ਕੋਲ ਜ਼ਮੀਨ ਘੱਟ ਸੀ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ। ਮ੍ਰਿਤਕ ਦੇ ਸਿਰ 4-5 ਲੱਖ ਰੁਪਏ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਹੈ। ਕਰਜ਼ਾ ਨਾ ਉਤਰਨ ਦੀ ਵਜ੍ਹਾ ਕਰਕੇ ਹਰ ਸਮੇਂ ਪ੍ਰੇਸ਼ਾਨ ਰਹਿੰਦਾ ਸੀ। ਜਿਸਦੇ ਚਲਦੇ ਉਸਨੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਉਧਰ ਰੇਲਵੇ ਪੁਲਸ ਦੇ ਏ. ਐੱਸ. ਆਈ ਗੇਲਾ ਸਿੰਘ ਵਲੋਂ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਕਿਸਾਨ ਸਿਰ ਚੜ੍ਹੇ ਸਾਰੇ ਕਰਜ਼ੇ ’ਤੇ ਲੀਕ ਮਾਰਨ, 10 ਲੱਖ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ।

Gurminder Singh

This news is Content Editor Gurminder Singh