ਸ਼ੱਕੀ ਹਾਲਤ 'ਚ ਨਹਿਰ 'ਚ ਡਿੱਗੀ ਕਾਰ ਬਰਾਮਦ, ਚਾਲਕ ਲਾਪਤਾ

01/18/2020 5:33:26 PM

ਫਰੀਦਕੋਟ (ਜਗਤਾਰ, ਰਾਜਨ) : ਇੱਥੋਂ ਲੰਘਦੀ ਸਰਹਿੰਦ ਫੀਡਰ ਵਿਚ 15 ਜਨਵਰੀ ਨੂੰ ਸ਼ੱਕੀ ਹਾਲਤ 'ਚ ਡਿੱਗੀ ਕਾਰ ਬਾਹਰੀ ਜ਼ਿਲੇ 'ਚੋਂ ਫ਼ਰੀਦਕੋਟ ਵਿਖੇ ਬੁਲਾਈ ਗਈ ਗੋਤਾਖੋਰਾਂ ਦੀ ਟੀਮ ਨੇ ਅੱਜ ਨਹਿਰ ਵਿਚੋਂ ਬਰਾਮਦ ਕਰ ਲਈ ਹੈ ਪਰ ਕਾਰ ਸਵਾਰ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਾ। ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿਚ ਮਹਿੰਦਰ ਸੇਠੀ ਨਾਮਕ ਵਿਅਕਤੀ ਅਤੇ ਕਾਰ ਦਾ ਮਾਲਕ ਦੋਨੋਂ ਸਵਾਰ ਸਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਥੋਂ ਦੀ ਡੋਗਰ ਬਸਤੀ ਨਿਵਾਸੀ ਸ਼ਕੁੰਤਲਾ ਸੇਠੀ ਪਤਨੀ ਹਰੀ ਚੰਦ ਨੇ ਸ਼ਿਕਾਇਤ ਕਰਕੇ ਸਥਾਨਕ ਥਾਣਾ ਸਿਟੀ ਵਿਖੇ ਇਹ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕਰਵਾਇਆ ਹੈ ਕਿ ਪ੍ਰੀਤ ਵਾਸੀ ਪਾਰਕ ਐਵੇਨਿਊ ਫ਼ਰੀਦਕੋਟ ਬੀਤੀ 15 ਜਨਵਰੀ ਦੀ ਰਾਤ ਨੂੰ ਕਰੀਬ ਸਾਢੇ 7 ਵਜੇ ਉਸ ਦੇ ਲੜਕੇ ਮਹਿੰਦਰ ਸੇਠੀ ਨੂੰ ਘਰ ਆ ਕੇ ਆਪਣੇ ਨਾਲ ਲੈ ਗਿਆ ਅਤੇ ਅਜੇ ਤੱਕ ਉਸ ਦਾ ਲੜਕਾ ਘਰ ਵਾਪਸ ਨਹੀਂ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਇਹ ਵੀ ਦੋਸ਼ ਹੈ ਕਿ ਉਹ ਸ਼ਿਕਾਇਤ ਕਰਤਾ ਦੇ ਲੜਕੇ ਨੂੰ ਮਾਰਨ ਦੀ ਨੀਯਤ ਨਾਲ ਘਰੋਂ ਬੁਲਾ ਕੇ ਲੈ ਗਿਆ। ਇਸ ਮਾਮਲੇ ਵਿਚ ਮਹਿੰਦਰ ਸੇਠੀ ਦੇ ਚਾਚੇ ਦੇ ਲੜਕੇ ਗਗਨਦੀਪ ਨੇ ਦੱਸਿਆ ਕਿ ਜਦੋਂ ਮਹਿੰਦਰ ਰਾਤ ਨੂੰ ਵਾਪਸ ਨਾ ਆਇਆ। ਉਨ੍ਹਾਂ ਵੱਲੋਂ ਜਦ ਉਸ ਦੇ ਮੋਬਾਈਲ 'ਤੇ ਕਾਲ ਕੀਤੀ ਗਈ ਤਾਂ ਉਸ ਦਾ ਫ਼ੋਨ ਬੰਦ ਆ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਅਗਲੀ ਸਵੇਰ ਉਹ ਪ੍ਰੀਤ ਦੇ ਘਰ ਗਏ ਤਾਂ ਉਹ ਮੁੱਕਰ ਗਿਆ ਅਤੇ ਕਹਿਣ ਲੱਗਾ ਕਿ ਮਹਿੰਦਰ ਉਸ ਨਾਲ ਨਹੀਂ ਸੀ, ਜਿਸ ਉਪਰੰਤ ਸ਼ੱਕ ਹੋਣ 'ਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ।

ਦੂਜੇ ਪਾਸੇ ਥਾਣਾ ਸਿਟੀ ਪੁਲਸ ਵੱਲੋਂ ਕਾਰ ਦੇ ਮਾਲਕ ਪ੍ਰੀਤ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਤਹਿ ਤਕ ਜਾਣ ਲਈ ਸਖਤੀ ਨਾਲ ਪੁੱਛ-ਗਿੱਛ ਜਾਰੀ ਹੈ ਜਦਕਿ ਮ੍ਰਿਤਕ ਦੀ ਲਾਸ਼ ਲੱਭਣ ਲਈ ਪੁਲਸ ਵੱਲੋਂ ਸਰਚ ਦਾ ਅਗਲਾ ਪੜਾਓ ਆਰੰਭ ਕਰ ਦਿੱਤਾ ਗਿਆ ਹੈ। ਇਹ ਕਾਰ ਨਹਿਰ ਵਿਚ ਕਿਵੇਂ ਡਿੱਗੀ ਅਤੇ ਇਸ ਵਿਚ ਕੋਣ-ਕੌਣ ਸਵਾਰ ਸਨ ਇਸ ਭੇਦ ਤੋਂ ਪਰਦਾ ਸਬੰਧਤ ਦੀ ਲਾਸ਼ ਬਰਾਮਦ ਹੋਂਣ 'ਤੇ ਉੱਠ ਸਕੇਗਾ।

cherry

This news is Content Editor cherry