ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦਾ ਜਾਣੋਂ ਇਤਿਹਾਸ

11/13/2018 5:23:49 PM

ਫਰੀਦਕੋਟ (ਜਗਤਾਰ) - ਬਰਾੜ ਵੰਸ਼ ਦੇ ਆਖਰੀ ਰਾਜਾ ਹਰਿੰਦਰ ਸਿੰਘ ਨੇ 17 ਅਕਤੂਬਰ 1934 ਨੂੰ ਫ਼ਰੀਦਕੋਟ ਰਿਆਸਤ ਦੇ ਰਾਜੇ ਵਜੋਂ ਕਾਰਜ ਭਾਗ ਸੰਭਾਲਿਆ ਸੀ। ਉਨ੍ਹਾਂ ਨੇ ਉਸ ਸਮੇਂ ਫਰੀਦਕੋਟ ਸਿੱਖ ਰਿਆਸਤ 'ਚ ਵਿਲੱਖਣ ਇਮਾਰਤਾਂ ਦਾ ਨਿਰਮਾਣ ਕਰਵਾਇਆ। ਹਾਲਾਂਕਿ ਸਮਾਂ ਬੀਤਣ ਨਾਲ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਵਜੂਦ ਖਤਮ ਹੋ ਚੁੱਕਾ ਹੈ ਪਰ ਸਕੱਤਰੇਤ, ਵਿਕਟੋਰੀਆ ਟਾਵਰ, ਲਾਲ ਕੋਠੀ, ਆਰਾਮ ਘਰ, ਅਸਤਬਲ, ਰਾਜ ਮਹਿਲ, ਸ਼ੀਸ਼ ਮਹਿਲ, ਮੋਤੀ ਮਹਿਲ, ਸ਼ਾਹੀ ਕਿਲਾ, ਸ਼ਾਹੀ ਸਮਾਧਾਂ ਆਦਿ ਇਮਾਰਤਾਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਰਾਜਾ ਹਰਿੰਦਰ ਸਿੰਘ ਇਕ ਕੁਸ਼ਲ ਪ੍ਰਬੰਧਕ ਵਜੋਂ ਵੀ ਮਕਬੂਲ ਹੋਏ ਸਨ।

ਮਹਾਰਾਜਾ ਹਰਿੰਦਰ ਸਿੰਘ ਨੇ ਆਪਣੇ ਰਾਜਭਾਗ ਦੌਰਾਨ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਇਕ ਵਸੀਅਤ ਕੀਤੀ ਸੀ, ਜਿਸ 'ਚ ਉਸ ਨੇ ਫ਼ਰੀਦਕੋਟ ਰਿਆਸਤ ਦੀਆਂ ਵਿਰਾਸਤੀ ਇਮਾਰਤਾਂ, ਖਜ਼ਾਨਾ, ਜਾਇਦਾਦ ਆਦਿ ਸੰਭਾਲਣ ਲਈ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ ਹੋਈ ਸੀ। ਅੱਜ ਕੱਲ ਇਹ ਟਰੱਸਟ ਫ਼ਰੀਦਕੋਟ ਰਿਆਸਤ ਦੀ ਵਿਰਾਸਤ ਨੂੰ ਸਾਂਭ ਰਿਹਾ ਹੈ। ਭਾਰਤ ਸਰਕਾਰ ਨੇ 15 ਜੁਲਾਈ 1948 ਨੂੰ ਫ਼ਰੀਦਕੋਟ ਰਿਆਸਤ ਨੂੰ ਖਤਮ ਕਰਕੇ ਇੱਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੇ ਫ਼ਰੀਦਕੋਟ ਰਿਆਸਤ ਦਾ ਵੱਡਾ ਹਿੱਸਾ ਜਾਇਦਾਦ ਅਤੇ ਇਮਾਰਤਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਮਹਾਰਾਜਾ ਹਰਿੰਦਰ ਸਿੰਘ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜਾ ਸਨ ਅਤੇ ਉਨ੍ਹਾਂ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਇਕਲੌਤੀ ਪੁੱਤਰੀ ਮਹਾਰਾਣੀ ਦੀਪਇੰਦਰ ਕੌਰ ਵਰਧਮਾਨ ਦੇ ਰਾਜਾ ਸਦਾ ਸਿੰਘ ਮਹਿਤਾਬ ਨਾਲ ਵਿਆਹੀ ਹੋਈ ਸੀ। ਫਰੀਦਕੋਟ ਰਿਆਸਤ ਦਾ ਰਾਜ ਮਹਿਲ ਅਤੇ ਸ਼ਾਹੀ ਕਿਲਾ ਅੱਜ ਵੀ ਆਪਣੀ ਸਦੀ ਪੁਰਾਣੀ ਦਿੱਖ ਨੂੰ ਸੁਰੱਖਿਅਤ ਸਾਂਭੀ ਬੈਠਾ ਹੈ, ਜਿਸ ਦੇ ਅੰਦਰ ਆਮ ਲੋਕਾਂ ਨੂੰ ਜਾਣ ਤੋਂ ਮਨਾਹੀ ਹੈ। ਇਸ ਸ਼ਹਿਰ 'ਚ ਬਾਬਾ ਫਰੀਦ ਜੀ ਦੀ ਫੇਰੀ ਨੇ ਇਸ ਦੀ ਵਿਰਾਸਤ ਨੂੰ ਦੁਨੀਆਂ ਭਰ 'ਚ ਮਕਬੂਲ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਾਬਾ ਫ਼ਰੀਦ ਦੀ ਯਾਦ 'ਚ ਬਣੇ ਟਿੱਲਾ ਬਾਬਾ ਫ਼ਰੀਦ ਵਿਖੇ ਹਰ ਸਾਲ 19 ਤੋਂ 23 ਸਤੰਬਰ ਤੱਕ ਪੰਜ ਰੋਜ਼ਾ ਆਗਮਨ ਪੁਰਬ ਮਨਾਇਆ ਜਾਂਦਾ ਹੈ, ਜਿਥੇ ਦੁਨੀਆਂ ਭਰ ਦੇ ਸ਼ਰਧਾਲੂ ਆਉਂਦੇ ਹਨ। 

ਜ਼ਿਕਰਯੋਗ ਹੈ ਕਿ 7 ਅਗਸਤ 1972 ਨੂੰ ਫਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਜ਼ਿਲਾ ਬਣਾਇਆ ਗਿਆ, ਫਿਰ ਨਵੰਬਰ 1995 'ਚ ਫਰੀਦਕੋਟ ਜ਼ਿਲੇ 'ਚੋਂ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਨਵੇਂ ਜ਼ਿਲੇ ਬਣਾ ਦਿੱਤੇ ਗਏ, ਜਿਸ ਕਾਰਨ ਫਰੀਦਕੋਟ ਜ਼ਿਲੇ ਦਾ ਖੇਤਰ ਕਾਫੀ ਘੱਟ ਗਿਆ। ਇਸ ਦਾ ਕੁੱਲ ਖੇਤਰਫਲ 1475.60 ਵਰਗ ਕਿਲੋਮੀਟਰ ਹੈ। ਇਸ ਜ਼ਿਲੇ 'ਚ ਇਕ ਲੋਕ ਸਭਾ ਦੀ ਸੀਟ ਅਤੇ ਕੁੱਲ ਤਿੰਨ ਅਸੈਂਬਲੀ ਸੀਟਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਹਨ। ਫਰੀਦਕੋਟ ਦੀ ਰਿਆਸਤ ਦੀ ਮੌਜੂਦਾ ਦੌਰ ਦੀ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਅਨੁਸਾਰ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੇ ਚਾਰ ਬੱਚਿਆਂ 'ਚ ਇਕ ਲੜਕਾ ਅਤੇ ਤਿੰਨ ਲੜਕੀਆਂ 'ਚੋਂ ਇਕ ਲੜਕੇ ਅਤੇ ਇਕ ਲੜਕੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਦੋ ਲੜਕੀਆਂ ਰਾਜੁਕਮਾਰੀ ਅੰਮ੍ਰਿਤ ਕੌਰ ਅਤੇ ਰਾਜਕੁਮਾਰੀ ਦੀਪਇੰਦਰ ਕੌਰ, ਉਨ੍ਹਾਂ ਦੀ ਜਾਇਦਾਦ ਦੀ ਮਾਲਕੀ ਲਈ ਮੌਜੂਦ ਸਨ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕੇ ਰਾਜੇ ਦੀ ਸਾਰੀ ਸੰਪਤੀ ਨੂੰ ਲੈ ਕੇ ਇਨ੍ਹਾਂ ਦੋਵਾਂ ਲੜਕੀਆਂ ਦਾ ਆਪਸ 'ਚ ਤਕਰਾਰ ਪੈਦਾ ਹੋ ਗਿਆ ਸੀ। ਲੰਬੇ ਸਮੇਂ ਤੋਂ ਚੱਲ ਰਹੇ ਇਸ ਵਿਵਾਦ ਉਪਰੰਤ ਮਾਨਯੋਗ ਅਦਾਲਤ ਨੇ ਸਾਰੀ ਸੰਮਤੀ ਦੀ ਮਾਲਕ ਦੋਵਾਂ ਲੜਕੀਆਂ ਨੂੰ ਬਣਾਇਆ ਸੀ ਹੁਣ ਸੰਪਤੀ ਦੀ ਸਾਂਭ-ਸੰਭਾਲ ਲਈ ਬਣਾਏ ਮਹਾਰਾਵਲ ਖੀਵਾ ਟਰੱਸਟ ਦੀ ਚੇਅਰਪਰਸਨ ਮਹਾਰਾਣੀ ਦੀਪਇੰਦਰ ਕੌਰ ਸਨ, ਜਿਨ੍ਹਾਂ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ।

rajwinder kaur

This news is Content Editor rajwinder kaur