4 ਅਧਿਆਪਕਾਂ ਨੇ ਬਦਲੀ ਸਰਕਾਰੀ ਮਿਡਲ ਸਕੂਲ ਦੀ ਨੁਹਾਰ, ਬਣਾਇਆ ਸੈਲਫ ਸਮਾਰਟ

10/15/2019 1:51:38 PM

ਫ਼ਰੀਦਕੋਟ (ਜਸਬੀਰ ਕੌਰ) - ਫ਼ਰੀਦਕੋਟ ਜ਼ਿਲੇ ਅੰਦਰ ਬਲਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਅਗਵਾਈ ਹੇਠ ਸਕੂਲਾਂ ਦਾ ਚਿਹਰਾ-ਮੋਹਰਾ ਬਦਲਣ ਵਾਸਤੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ, ਜਦੋਂ ਸਰਕਾਰੀ ਮਿਡਲ ਸਕੂਲ ਪੱਖੀ ਖੁਰਦ ਦੇ ਸਿਰਫ 4 ਅਧਿਆਪਕਾਂ ਨੇ ਆਪਣੇ ਸਕੂਲ ਨੂੰ ਸੈਲਫ ਸਮਾਰਟ ਸਕੂਲਾਂ ਦੀ ਸੂਚੀ 'ਚ ਸ਼ਾਮਲ ਕਰ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੇ ਕੰਪਲੈਕਸ ਤੇ ਸਰਕਾਰੀ ਮਿਡਲ ਸਕੂਲ ਪੱਖੀ ਖੁਰਦ ਬਾਰੇ ਜੇਕਰ ਗੱਲ ਕਰੀਏ ਤਾਂ ਸਕੂਲ ਦੇ ਮੁਖੀ ਗੁਰਪ੍ਰੀਤ ਸਿੰਘ ਪੰਜਾਬੀ ਮਾਸਟਰ, ਮਨਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਰਿੰਪਲ ਹਿੰਦੀ ਮਿਸਟ੍ਰੈੱਸ ਤੇ ਰੁਪਿੰਦਰ ਕੌਰ ਅੰਗਰੇਜ਼ੀ ਮਿਸਟ੍ਰੈੱਸ ਨੇ ਪਲੇਠੇ ਉਪਰਾਲੇ ਵਜੋਂ ਸਭ ਤੋਂ ਪਹਿਲਾਂ 30,000 ਰੁਪਏ ਸਕੂਲ ਦੀ ਇਮਾਰਤ ਨੂੰ ਨਵੀਂ ਦਿੱਖ ਦੇਣ ਲਈ ਦਿੱਤੇ।

ਆਪਣੀ ਜੇਬ 'ਚੋਂ ਪੈਸੇ ਖਰਚਣ ਮਗਰੋਂ ਉਨ੍ਹਾਂ ਨੇ ਦਾਨੀ ਸੱਜਣਾਂ ਨਾਲ ਸੰਪਰਕ ਕਰ ਕੇ 20,000 ਰੁਪਏ ਇਕੱਠੇ ਕੀਤੇ। ਅਧਿਆਪਕਾਂ ਦੀ ਹਿੰਮਤ ਨੂੰ ਵੇਖਦਿਆਂ ਪਿੰਡ ਦੀ ਸੂਝਵਾਨ ਪੰਚਾਇਤ ਨੇ ਸਹਿਯੋਗ ਦੇਣ ਲਈ ਹੱਥ ਅੱਗੇ ਵਧਾਇਆ ਤੇ 40,000 ਰੁਪਏ ਖਰਚ ਕਰ ਕੇ ਕਮਰਿਆਂ ਅੰਦਰ ਪੇਂਟ, ਦਰਵਾਜ਼ੇ, ਬਾਰੀਆਂ ਨੂੰ ਪੇਂਟ ਅਤੇ ਚਾਰੀਦੀਵਾਰੀ ਨੂੰ ਕਲੀ ਕਰਵਾ ਕੇ ਆਪਣੇ ਪਿੰਡ ਦੇ ਸਕੂਲ ਦੀ ਹਾਲਤ 'ਚ ਦਿਨ ਅਤੇ ਰਾਤ ਜਿੰਨਾ ਅੰਤਰ ਲਿਆ ਕੇ ਹਰ ਪਾਸਿਓਂ ਪ੍ਰਸ਼ੰਸਾ ਖੱਟੀ। ਬਿਲਡਿੰਗ ਦੀ ਕਾਇਆ ਕਲਪ ਤੋਂ ਬਾਅਦ ਅਧਿਆਪਕਾਂ, ਪੰਚਾਇਤ ਨੇ ਮਿਲ ਕੇ ਦਾਨੀ ਸੱਜਣਾਂ ਨੂੰ ਪ੍ਰੇਰਦਿਆਂ 30,000 ਦੀ ਲਾਗਤ ਨਾਲ ਬੱਚਿਆਂ ਦੀ ਸਮਾਰਟ ਵਰਦੀ, ਟਾਈ, ਬੈਲਟ, ਆਈ ਕਾਰਡ ਤਿਆਰ ਕਰ ਕੇ ਬੱਚਿਆਂ ਨੂੰ ਨਿਵੇਕਲੀ ਦਿੱਖ ਪ੍ਰਦਾਨ ਕਰ ਕੇ ਨਵੇਂ ਇਤਿਹਾਸ ਦੀ ਸਿਰਜਣਾ ਕਰ ਵਿਖਾਈ।

ਸਕੂਲ ਦੇ 4 ਅਧਿਆਪਕਾਂ ਵਲੋਂ ਕੀਤੀ ਮਿਹਨਤ, ਪਿੰਡ ਦੀ ਪੰਚਾਇਤ ਵਲੋਂ ਦਿੱਤੇ ਸਹਿਯੋਗ ਸਦਕਾ ਇਸ ਖੂਬਸੂਰਤ ਸਕੂਲ ਦਾ ਨਾਂ ਸਿੱਖਿਆ ਜਗਤ ਅੰਦਰ ਪੂਰੀ ਚਰਚਾ 'ਚ ਹੈ। ਸਰਕਾਰੀ ਮਿਡਲ ਸਕੂਲ ਪੱਖੀ ਖੁਰਦ ਨੂੰ ਸੈਲਫ ਸਮਾਰਟ ਸਕੂਲ ਬਣਾਉਣ ਤੇ ਸਕੂਲ ਦੇ ਸਮੂਹ ਅਧਿਆਪਕਾਂ, ਪੰਚਾਇਤ, ਦਾਨੀ ਸੱਜਣਾਂ ਨੂੰ ਪ੍ਰਦੀਪ ਦਿਓੜਾ, ਜਸਮਿੰਦਰ ਸਿੰਘ ਹਾਂਡਾ ਦੋਵੇਂ ਉਪ-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਿੰਸੀਪਲ ਰਾਜਵਿੰਦਰ ਕੌਰ ਜ਼ਿਲਾ ਕੋਆਰਡੀਨੇਟਰ ਸੈਲਫ ਸਮਾਰਟ ਸਕੂਲ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਸਰਾਂ ਗੋਲੇਵਾਲਾ, ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਫ਼ਰੀਦਕੋਟ ਨੇ ਵਧਾਈ ਦਿੱਤੀ ਹੈ।

rajwinder kaur

This news is Content Editor rajwinder kaur