ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਤੀਜਾ ਮੈਂਬਰ ਵੀ ਅੜਿੱਕੇ

11/26/2019 11:01:00 AM

ਮੋਗਾ (ਆਜ਼ਾਦ)—ਮੋਗਾ ਪੁਲਸ ਵੱਲੋਂ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ ਤੀਜੇ ਮੈਂਬਰ ਨੂੰ ਵੀ ਕਾਬੂ ਕਰ ਕੇ ਉਸ ਕੋਲੋਂ ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਰੰਗਦਾਰ ਪ੍ਰਿੰਟਰ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁਖੀ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 24 ਨਵੰਬਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸੁਖਜਿੰਦਰ ਸਿੰਘ ਉਰਫ ਗੱਗੂ ਵਾਸੀ ਵਾੜਾ ਕਿਸ਼ਨਪੁਰਾ (ਸ੍ਰੀ ਮੁਕਤਸਰ ਸਾਹਿਬ) ਅਤੇ ਜੋਗਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਭਗਤਾ ਭਾਈ (ਬਠਿੰਡਾ) ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 28,000 ਰੁਪਏ ਦੀ ਜਾਅਲੀ ਕਰੰਸੀ, ਜੋ 500-500 ਦੇ ਨੋਟ ਸਨ, ਬਰਾਮਦ ਕੀਤੀ ਗਈ ਸੀ। ਉਕਤ ਗਿਰੋਹ ਦੇ ਦੋਵਾਂ ਮੈਂਬਰਾਂ ਨੂੰ ਥਾਣੇਦਾਰ ਸੁਨੀਤਾ ਰਾਣੀ ਅਤੇ ਥਾਣੇਦਾਰ ਮੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਬੂ ਕੀਤਾ ਸੀ। ਉਕਤ ਗਿਰੋਹ ਦੇ ਮੈਂਬਰ ਜਾਅਲੀ ਕਰੰਸੀ ਤਿਆਰ ਕਰਨ ਤੋਂ ਬਾਅਦ ਭੋਲੇ-ਭਾਲੇ ਲੋਕਾਂ ਨੂੰ ਧੋਖੇ 'ਚ ਰੱਖ ਕੇ ਉਨ੍ਹਾਂ ਨੂੰ ਦੇ ਦਿੰਦੇ ਸਨ।
ਪੁੱਛਗਿੱਛ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਅਵਤਾਰ ਸਿੰਘ ਵਾਸੀ ਪਿੰਡ ਅਕਾਲੀਆਂ ਵਾਲਾ ਰੋਡ ਭਗਤਾ ਭਾਈ ਕਾ (ਬਠਿੰਡਾ) ਨੂੰ ਵੀ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਜਾਅਲੀ ਕਰੰਸੀ ਬਣਾਉਣ ਲਈ ਵਰਤਿਆ ਜਾਣ ਵਾਲਾ ਰੰਗਦਾਰ ਪ੍ਰਿੰਟਰ ਵੀ ਬਰਾਮਦ ਕਰ ਲਿਆ ਹੈ, ਜਿਸ ਖਿਲਾਫ ਥਾਣਾ ਫਤਿਹਗੜ੍ਹ ਪੰਜਤੂਰ 'ਚ ਮਾਮਲਾ ਦਰਜ ਕੀਤਾ ਗਿਆ ਹੈ। ਕਾਬੂ ਕੀਤੇ ਗਏ ਤਿੰਨੋਂ ਮੁਲਜ਼ਮਾਂ ਨੂੰ ਥਾਣੇਦਾਰ ਸੁਨੀਤਾ ਰਾਣੀ ਵੱਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।

Shyna

This news is Content Editor Shyna