ਜਾਅਲੀ ਕਰੰਸੀ ਛਾਪ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼, 4 ਗ੍ਰਿਫਤਾਰ

12/11/2018 7:19:44 PM

ਮਾਨਸਾ,(ਸੰਦੀਪ ਮਿੱਤਲ, ਮਨਜੀਤ ਕੌਰ)— ਪੰਜਾਬ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਵੱਖ-ਵੱਖ ਮਾਮਲਿਆਂ 'ਚ ਲੱਖਾਂ ਰੁਪਏ ਦੀ ਜਾਅਲੀ ਕਰੰਸੀ, ਨਸ਼ੀਲੀਆਂ ਦਵਾਈਆਂ ਅਤੇ ਨਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਡੀ. ਐੱਸ. ਪੀ. ਮਾਨਸਾ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਦੀ ਪੁਲਸ ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਜਾਅਲੀ ਕਰੰਸੀ ਅਤੇ ਜਾਅਲੀ ਕਰੰਸੀ ਛਾਪਣ ਵਾਲੇ ਪਿੰ੍ਰਟਰ ਸਮੇਤ ਸਬੰਧਤ ਵਿਅਕਤੀਆਂ ਨੂੰ ਕਾਬੂ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅੰਕੂ ਪੁੱਤਰ ਬਲਜੀਤ ਸਿੰਘ ਵਾਸੀ ਵਾਰਡ ਨੰਬਰ 16 ਬਰਨਾਲਾ ਅਤੇ ਵਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਜਗਤਗੜ ਬਾਂਦਰਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 1 ਲੱਖ 67 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਇਸ ਕਰੰਸੀ 'ਚ ਜ਼ਿਆਦਾਤਰ ਨਵੇਂ 2 ਹਜ਼ਾਰ ਰੁਪਏ ਦੇ ਨੋਟ ਹਨ। ਪੁਲਸ ਨੇ ਇਨ੍ਹਾਂ ਵਿਅਕਤੀਆਂ ਤੋਂ ਜਾਅਲੀ ਕਰੰਸੀ ਛਾਪਣ ਵਾਲਾ ਪ੍ਰਿੰਟਰ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਭੋਲੇ-ਭਾਲੇ ਲੋਕਾਂ ਨੂੰ ਮਾਰਕਿਟ 'ਚ ਵਾਧੇ ਘਾਟੇ ਦਾ ਲਾਲਚ ਦੇ ਕੇ ਇਹ ਕਰੰਸੀ ਵੇਚਦੇ ਸਨ। ਪੁਲਸ ਇਹ ਵੀ ਪਤਾ ਕਰ ਰਹੀ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਕਿੰਨੀ ਦੇਰ ਤੋਂ ਇਹ ਧੰਦਾ ਚਲਾਇਆ ਹੋਇਆ ਸੀ ਤੇ ਹੁਣ ਤੱਕ ਇਹ ਵਿਅਕਤੀ ਕਿੰਨੀ ਤਾਦਾਦ 'ਚ ਜਾਅਲੀ ਕਰੰਸੀ ਛਾਪ ਕੇ ਉਸ ਨੂੰ ਬਾਜ਼ਾਰ 'ਚ ਚਲਾ ਜਾਂ ਵੇਚ ਚੁੱਕੇ ਹਨ। 

ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਥਾਣਾ ਸਿਟੀ -1 ਮਾਨਸਾ ਦੀ ਪੁਲਸ ਨੇ ਸੂਏ ਦੀ ਪਟੜੀ ਰੇਲਵੇ ਫਾਟਕ ਤੋਂ ਰਵੀ ਕੁਮਾਰ ਵਾਸੀ ਬੀਰ ਕਲਾਂ ਜ਼ਿਲਾ ਸੰਗਰੂਰ ਨੂੰ ਕਾਬੂ ਕਰਕੇ ਉਸ ਕੋਲੋਂ 16 ਡੱਬਿਆਂ 'ਚ 9600 ਨਸ਼ੀਲੀਆਂ ਗੋਲੀਆਂ, 1000 ਕੈਪਸੂਲ ਕੈਰੀਸੋਮਾ, 500 ਟਰਾਮਾਡੋਲ ਤੇ 50 ਸ਼ੀਸ਼ੀਆਂ ਹੋਰ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਹਰਿਆਣਾ ਦੇ ਕਰਨਾਲਾ ਇਲਾਕੇ 'ਚ ਦਵਾਈਆਂ ਲਿਆ ਕੇ ਉਸ ਦੀ ਸਪਲਾਈ ਕਰਕੇ ਉਸ ਨੂੰ ਮਹਿੰਗੇ ਭਾਅ 'ਚ ਵੇਚ ਦਿੰਦੇ ਸਨ। ਉਨਾਂ ਖਿਲਾਫ ਥਾਣਾ ਸਿਟੀ-1 ਮਾਨਸਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਭਗਤ ਸਿੰਘ ਚੌਂਕ ਨੇੜਿਓਂ ਰਾਜਪਾਲ ਸਿੰਘ ਉਰਫ ਪਾਲੀ ਵਾਸੀ ਅਤਲਾ ਖੁਰਦ ਨੂੰ ਕਾਬੂ ਕਰਕੇ ਉਸ ਤੋਂ 1160 ਨਸ਼ੀਲੀਆਂ ਗੋਲੀਆਂ ਅਲਪਰਾਜ਼ੋਲਮ ਤੇ 500 ਗੋਲੀ ਕੈਰੀਸੋਮਾ ਤੋਂ ਇਲਾਵਾ 25 ਸ਼ੀਸ਼ੀਆਂ ਹੋਰ ਬਰਾਮਦ ਕਰਕੇ ਉਸ ਦੇ ਖਿਲਾਫ ਥਾਣਾ ਸਿਟੀ-1 ਮਾਨਸਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗਲਤ ਵਿਅਕਤੀਆਂ ਖਿਲਾਫ਼ ਸ਼ੁਰੂ ਮੁਹਿੰਮ ਤਹਿਤ ਥਾਣਾ ਸਦਰ ਮਾਨਸਾ ਦੇ ਮੁਖੀ ਬਲਵਿੰਦਰ ਸਿੰਘ ਤੇ ਥਾਣੇਦਾਰ ਗੁਰਪਾਲ ਸਿੰਘ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਨਾਕਾਬੰਦੀ ਦੌਰਾਨ ਕਾਰ ਸਵਾਰ ਵਿਅਕਤੀ ਕੋਲੋਂ 25 ਡੱਬੇ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੇ ਹਨ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਅਖੀਰ 'ਚ ਜ਼ਿਲਾ ਪੁਲਸ ਮੁਖੀ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਸ ਵਲੋਂ ਵਿੱਢੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਸ. ਪੀ ਸਿਮਰਨਜੀਤ ਸਿੰਘ ਲੰਗ, ਸੀ. ਆਈ. ਏ ਸਟਾਫ ਮੁਖੀ ਬਲਜੀਤ ਸਿੰਘ ਬਰਾੜ, ਥਾਣਾ ਸਿਟੀ 1 ਦੇ ਮੁਖੀ ਜਸਵੀਰ ਸਿੰਘ, ਸੀ. ਆਈ. ਏ. ਸਟਾਫ ਮੁਨਸ਼ੀ ਸਵਦਿਲ ਸਿੰਘ ਆਦਿ ਵੱਡੀ ਗਿਣਤੀ 'ਚ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।