ਪੰਜਾਬੀਆਂ ਵਲੋਂ ਫੈਕਟਰੀ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ

01/20/2019 5:54:15 PM

ਭਵਾਨੀਗੜ੍ਹ (ਅੱਤਰੀ) : ਸੰਗਰੂਰ-ਪਟਿਆਲਾ ਰੋਡ 'ਤੇ ਸਥਿਤ ਇੰਡੀਅਨ ਅਕਰੈਲਿਕਸ ਲਿਮਟਿਡ ਦੇ ਗੇਟ ਸਾਹਮਣੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਵਲੋਂ ਸਾਥੀਆਂ ਸਮੇਤ 'ਉਜਾੜੋ ਨਾ ਪੰਜਾਬ ਰੋਜ਼ਗਾਰ ਦਿਓ' ਦੇ ਬੈਨਰ ਹੇਠ ਧਰਨਾ ਲਗਾ ਕੇ ਫੈਕਟਰੀ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਉਕਤ ਫੈਕਟਰੀ ਵਲੋਂ ਹਵਾ, ਪਾਣੀ, ਅਤੇ ਜਗ੍ਹਾ ਤਾਂ ਇੱਥੋਂ ਦੀ ਵਰਤੀ ਜਾ ਰਹੀ ਹੈ ਪ੍ਰੰਤੂ ਰੋਜ਼ਗਾਰ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਵਲੋਂ ਫੈਕਟਰੀ ਐਕਟ 70:30 ਦੇ ਅਨੁਪਾਤ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਅਨੁਸਾਰ ਕਿਸੇ ਵੀ ਫੈਕਟਰੀ ਲਈ 70 ਪ੍ਰਤੀਸ਼ਤ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇਣਾ ਜ਼ਰੂਰੀ ਹੈ। ਇਸਦੇ ਨਾਲ ਹੀ ਆਈ. ਏ. ਐਲ. ਵਲੋਂ ਵੱਡੇ ਪੱਧਰ 'ਤੇ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਵਿਭਾਗ 'ਤੇ ਵੀ ਫੈਕਟਰੀ ਨਾਲ ਮਿਲੀਭੁਗਤ ਦੇ ਦੋਸ਼ ਲਗਾਏ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀਆਂ ਫੈਕਟਰੀਆਂ ਵਿਚ ਸਿਰਫ ਪੰਜਾਬੀਆਂ ਨੂੰ ਹੀ ਰੋਜ਼ਗਾਰ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਇਕ ਮਹੀਨੇ ਦੇ ਅੰਦਰ-ਅੰਦਰ ਨਾ ਮੰਨੀਆਂ ਗਈਆਂ ਤਾਂ ਉਹ ਫੈਕਟਰੀ ਦੇ ਗੇਟ ਅੱਗੇ ਪੱਕਾ ਧਰਨਾ ਸ਼ੁਰੂ ਕਰਨਗੇ। ਜਿਸਦੀ ਜ਼ਿੰਮੇਵਾਰੀ ਫੈਕਟਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਜੀਤ ਸਿੰਘ ਛਾਹੜ, ਬਲਕਾਰ ਸਿੰਘ ਮੰਗਵਾਲ, ਗੁਰਮੀਤ ਸਿੰਘ ਮੰਗਵਾਲ, ਕੁਲਦੀਪ ਸਿੰਘ ਭਿੰਡਰਾਂ, ਜਗਸੀਰ ਸਿੰਘ ਰਾਜਪੁਰਾ, ਮਿੱਠੂ ਰਾਮ, ਗੁਰਦੀਪ ਸਿੰਘ ਭਿੰਡਰਾਂ, ਗੁਰਧਿਆਨ ਸਿੰਘ ਰੋਗਲਾ, ਨਿਰਭੈ ਸਿੰਘ, ਹੈਪੀ ਸਿੰਘ ਮਾਝੀ, ਰੋਮੀ ਚੌਹਾਨ, ਟਿੰਕਾ, ਸਵਰਨ ਸਿੰਘ ਕਲੌਦੀ, ਮਲਕੀਤ ਦਾਸ, ਜਥੇਦਾਰ ਸ਼ੀਤਲ ਸਿੰਘ, ਕਰਨੈਲ ਸਿੰਘ, ਰਾਮ ਲਾਲ ਆਦਿ।
ਕੀ ਕਹਿਣੈ ਅਸਿਸਟੈਂਟ ਮੈਨੇਜਰ ਦਾ
ਇਸ ਸਬੰਧੀ ਗੱਲਬਾਤ ਕਰਦਿਆਂ ਅਸਿਸਟੈਂਟ ਮੈਨੇਜਰ ਐੱਚ. ਆਰ. ਇੰਦਰਪਾਲ ਸਿੰਘ ਨੇ ਕਿਹਾ ਕਿ ਫੈਕਟਰੀ ਅੰਦਰ ਕੰਮ ਕਰਨ ਵਾਲੇ ਕਰਮਚਾਰੀ ਜ਼ਿਆਦਾਤਰ ਪੰਜਾਬੀ ਹੀ ਹਨ। ਉਨ੍ਹਾਂ ਫੈਕਟਰੀ ਵਲੋਂ ਪ੍ਰਦੂਸ਼ਣ ਫੈਲਾਉਣ ਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਫੈਕਟਰੀ ਅੰਦਰ ਪਾਣੀ ਨੂੰ ਸ਼ੁੱਧ ਕਰਨ ਲਈ ਪਿਊਰੀਫਾਇਰ ਲੱਗੇ ਹੋਏ ਹਨ।

Gurminder Singh

This news is Content Editor Gurminder Singh