ਕਰੋੜਾਂ ਖਰਚ ਕਰ ਕੇ 5 ਸਾਲ ਬਾਅਦ ਵੀ ਨਹੀਂ ਬਣੀ ਅਨਾਜ ਮੰਡੀ

05/04/2020 2:30:10 AM

ਲਹਿਰਾ ਮੁਹੱਬਤ,(ਮਨੀਸ਼)- ਪਿੰਡ ਲਹਿਰਾ ਬੇਗਾ ਵਿਖੇ 33.5 ਕਰੋੜ ਰੁਪਏ ਖਰਚ ਕਰ ਕੇ ਨਵੀਂ ਅਨਾਜ ਮੰਡੀ ਦੀ ਉਸਾਰੀ ਪੰਜ ਸਾਲ ਬਾਅਦ ਵੀ ਨਹੀਂ ਹੋ ਸਕੀ। ਸਰਕਾਰ ਨੇ ਇਸ ਮੰਡੀ ਦੀ ਉਸਾਰੀ ਲਈ 33 ਕਿਲੇ 5 ਕਨਾਲ ਅਤੇ 6 ਮਰਲੇ ਜ਼ਮੀਨ ਦੀ ਖਰੀਦ ਕੀਤੀ ਸੀ। ਜਾਣਕਾਰੀ ਮੁਤਾਬਕ ਸਰਕਾਰ ਨੇ ਭੁੱਚੋ ਦੀ ਨਵੀਂ ਅਨਾਜ ਮੰਡੀ ਦੀ ਉਸਾਰੀ ਲਈ ਪਿੰਡ ਲਹਿਰਾ ਬੇਗਾ ਦੇ ਬੱਸ ਅੱਡੇ ਕੋਲ ਕਿਸਾਨਾਂ ਤੋਂ ਇਸ ਜ਼ਮੀਨ ਦੀ ਖਰੀਦ ਕਰ ਕੇ ਇੱਕ ਵਾਰ ਥਰਮਲ ਦੀ ਸੁਆਹ ਨਾਲ ਭਰਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ। ਜ਼ਮੀਨ ਦੀ ਖਰੀਦ ਕਰਨ ਬਦਲੇ ਕਿਸਾਨਾਂ ਨੂੰ ਉਨ੍ਹਾਂ ਦੀ ਮੁਆਵਜ਼ਾ ਰਾਸ਼ੀ ਵੀ ਦੇ ਦਿੱਤੀ ਗਈ ਹੈ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਜੇਕਰ ਇਹ ਜ਼ਮੀਨ ਸਬੰਧਤ ਕਿਸਾਨਾਂ ਨੂੰ ਠੇਕੇ ਉੱਪਰ ਦੇ ਦਿੱਤੀ ਜਾਂਦੀ ਤਾਂ ਉਸ ਨਾਲ ਸਰਕਾਰ ਨੂੰ ਆਮਦਨ ਹੋ ਸਕਦੀ ਸੀ। ਨਤੀਜੇ ਵਜੋਂ ਪੰਜ ਸਾਲ ਤੱਕ ਸਰਕਾਰ ਨੂੰ ਕੋਈ ਆਮਦਨ ਵੀ ਨਹੀਂ ਹੋਈ ਅਤੇ ਨਾਂ ਹੀ ਅਨਾਜ ਮੰਡੀ ਦੀ ਉਸਾਰੀ ਸ਼ੁਰੂ ਨਹੀਂ ਹੋ ਸਕੀ। ਇਸ ਮਾਮਲੇ ਸਬੰਧੀ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਵਿਪਨ ਖੰਨਾ ਨੇ ਸੰਪਰਕ ਕੀਤੇ ਜਾਣ ’ਤੇ ਦੱਸਿਆ ਕਿ ਲਹਿਰਾ ਥਰਮਲ ਪਲਾਂਟ ਕੋਲ ਫਲਾਈ ਐਸ਼ ਦੀ ਕਮੀ ਹੋਣ ਕਾਰਨ ਅਨਾਜ ਮੰਡੀ ’ਚ ਭਰਤ ਪਾਉਣ ਦਾ ਕੰਮ ਅੱਧ ਵਿਚਕਾਰ ਰੁਕ ਗਿਆ ਸੀ, ਜਿਸਨੂੰ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।

Bharat Thapa

This news is Content Editor Bharat Thapa