ਬੈਂਕ ’ਚ ਸਟਾਫ ਦੀ ਘਾਟ ਹੋਣ ਕਾਰਨ ਮੁਲਾਜ਼ਮਾਂ ਨੇ ਕੀਤੀ ਹਡ਼ਤਾਲ

11/13/2018 6:08:27 AM

ਫ਼ਰੀਦਕੋੋਟ, (ਹਾਲੀ)- ਦਿ ਫ਼ਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਕਰਮਚਾਰੀ ਯੂਨੀਅਨ ਵੱਲੋਂ ਬੈਂਕ ਵਿਚ ਸਟਾਫ਼ ਦੀ ਘਾਟ ਹੋਣ ਕਾਰਨ  ਇਕ ਰੋਜ਼ਾ ਹਡ਼ਤਾਲ ਕੀਤੀ ਗਈ।  ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬੈਂਕ ’ਚ ਪਿਛਲੇ ਲੰਮੇ ਸਮੇਂ ਤੋਂ ਹਡ਼ਤਾਲ ਚੱਲ ਰਹੀ ਹੈ, ਜਿਸ ਸਬੰਧੀ ਯੂਨੀਅਨ ਵੱਲੋਂ ਲਗਾਤਾਰ ਆਪਣੀ ਬੈਂਕ ਦੀ ਮੈਨੇਜਮੈਂਟ ਨੂੰ ਲਿਖਤੀ ਤੌਰ ’ਤੇ ਮੰਗ-ਪੱਤਰ ਦਿੱਤੇ ਗਏ  ਪਰ ਬੈਂਕ ਮੈਨੇਜਮੈਂਟ ਵੱਲੋਂ ਇਸ ਸਬੰਧੀ ਕੋਈ ਪੁਖਤਾ ਕਦਮ ਨਾ ਚੁੱਕਣ ਕਾਰਨ ਯੂਨੀਅਨ ਵੱਲੋਂ ਬੈਂਕ ਦੇ ਮੁੱਖ ਦਫ਼ਤਰ ਅਤੇ ਸਾਰੀਆਂ 24 ਬ੍ਰਾਂਚਾਂ ਦੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਪੂਰੇ ਦਿਨ ਦੀ ਹਡ਼ਤਾਲ ਕੀਤੀ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਸਿੱਧੀ ਭਰਤੀ ਪੰਜਾਬ ਸਟੇਟ ਕੋ-ਆਪ੍ਰੇਟਿਵ ਬੈਂਕ ਚੰਡੀਗਡ਼੍ਹ ਵੱਲੋਂ ਹੀ ਕੀਤੀ ਜਾਂਦੀ ਹੈ ਅਤੇ ਸਾਲ 2013-14 ਤੋਂ ਬਾਅਦ ਕੋਈ ਭਰਤੀ ਨਹੀਂ ਕੀਤੀ ਗਈ, ਜਦਕਿ ਪੁਰਾਣੇ ਮੁਲਾਜ਼ਮ ਲਗਾਤਾਰ ਸੇਵਾ ਮੁਕਤ ਹੁੰਦੇ ਜਾ ਰਹੇ ਹਨ। 
ਉਨ੍ਹਾਂ ਕਿਹਾ ਕਿ ਇਸ ਸਮੇਂ ਬੈਂਕ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਬ੍ਰਾਂਚਾਂ ਵਿਚ ਕੋਈ ਵੀ ਮੁਲਾਜ਼ਮ ਛੁੱਟੀ ਜਾਣ ਦੀ ਸੂਰਤ ’ਚ ਬੈਂਕ ਕੋਲ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ ਅਤੇ ਇਕ ਮੁਲਾਜ਼ਮ ਨੂੰ ਬ੍ਰਾਂਚ ਦਾ ਕੰਮ ਕਰਨਾ ਪੈ ਰਿਹਾ ਹੈ, ਜਦਕਿ ਕੰਪਿਊਟਰਾਈਜ਼ੇਸ਼ਨ ’ਚ ਅਜਿਹਾ ਸੰਭਵ ਨਹੀਂ ਹੈ। ਬੈਂਕ ’ਚ ਕਲਰਕਾਂ ਦੀਆਂ 39 ਅਸਾਮੀਆਂ ਖਾਲੀ ਪਈਆਂ ਹਨ ਅਤੇ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇਕਰ ਪੰਜਾਬ ਸਟੇਟ ਕੋ-ਆਪ੍ਰੇਟਿਵ ਬੈਂਕ ਲਿਮਟਿਡ ਚੰਡੀਗਡ਼੍ਹ ਵੱਲੋਂ ਮੁਲਾਜ਼ਮਾਂ ਦੀ ਇਸ ਜਾਇਜ਼ ਮੰਗ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ’ਚ ਮੁਲਾਜ਼ਮਾਂ  ਵੱਲੋਂ ਸੰਘਰਸ਼ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ, ਜਿਸ ਦੀ ਜ਼ਿੰਮਵਾਰੀ ਬੈਂਕ ਮੈਨੇਜਮੈਂਟ ਦੀ ਹੋਵੇਗੀ।