ਨਵੇਂ ਬਾਰੇ ਕੇ ਵਿਖੇ ਬਿਜਲੀ ਦੇ ਮੀਟਰ ਪਾਣੀ ’ਚ ਡੁੱਬੇ

07/17/2019 3:21:19 AM

ਫਿਰੋਜ਼ਪੁਰ, (ਕੁਮਾਰ)- ਇਥੇ ਕੈਪਟਨ ਸਰਕਾਰ ਨੇ ਬਿਜਲੀ ਸਿਸਟਮ ਦੀ ਅਪਗ੍ਰੇਡੇਸ਼ਨ ’ਤੇ ਕਰੀਬ 33-34 ਕਰੋਡ਼ ਰੁਪਏ ਖਰਚ ਕੀਤੇ ਹਨ ਅਤੇ ਇੰਨੇ ਪੈਸੇ ਖਰਚਣ ਦੇ ਬਾਵਜੂਦ ਵੀ ਫਿਰੋਜ਼ਪੁਰ ਦੇ ਬਿਜਲੀ ਸਿਸਟਮ ’ਚ ਕੋਈ ਸੁਧਾਰ ਨਹੀਂ ਹੋਇਆ ਅਤੇ ਫਿਰੋਜ਼ਪੁਰ ਵਿਚ ਜਿਥੇ ਬਿਜਲੀ ਦੇ ਖੰਭੇ ਟੇਢੇ ਹੋ ਰਹੇ ਹਨ ਅਤੇ ਲੋਕਾਂ ਦੇ ਬਿਜਲੀ ਦੇ ਮੀਟਰ ਲਟਕ ਰਹੇ ਹਨ ਅਤੇ ਜਗ੍ਹਾ-ਜਗ੍ਹਾ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ, ਉਥੇ ਹੀ ਥੋਡ਼੍ਹੀ ਜਿਹੀ ਤੇਜ਼ ਹਵਾ ਆ ਜਾਣ ’ਤੇ ਘੰਟਿਆਂ ਤੱਕ ਬਿਜਲੀ ਬੰਦ ਹੋ ਜਾਂਦੀ ਹੈ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਨਵੇਂ ਬਾਰੇ ਕੇ ਦੀ ਨਵੀਂ ਅਾਬਾਦੀ ਵਿਚ ਰਹਿੰਦੇ ਲੋਕਾਂ ਨੇ ਅੱਜ ਪੱਤਰਕਾਰਾਂ ਨੂੰ ਫੋਨ ਕਰ ਕੇ ਆਪਣੀ ਹਾਲਤ ਦੱਸੀ। ਕਿਸਾਨਾਂ ਨੇ ਦਿਖਾਇਆ ਕਿ ਬਿਜਲੀ ਵਿਭਾਗ ਫਿਰੋਜ਼ਪੁਰ ਨੇ ਵੁਨ੍ਹਾਂ ਦੇ ਬਾਹਰ ਜੋ ਬਿਜਲੀ ਦੇ ਮੀਟਰ ਲਾਏ ਹਨ, ਉਹ ਬਹੁਤ ਨੀਵੇਂ ਹਨ ਅਤੇ ਤੇਜ਼ ਬਾਰਸ਼ ਵਿਚ ਪਾਣੀ ਭਰਨ ਨਾਲ ਬਿਜਲੀ ਦੇ ਮੀਟਰ ਅਤੇ ਪੋਲ ਪਾਣੀ ’ਚ ਡੁੱਬ ਗਏ ਹਨ, ਜਿਸ ਨਾਲ ਕਿਸੇ ਵੀ ਸਮੇਂ ਤੇਜ਼ ਕਰੰਟ ਆ ਸਕਦਾ ਹੈ ਅਤੇ ਉਹ ਅਤੇ ਉਨ੍ਹਾਂ ਦੇ ਪਰਿਵਾਰ ਡਰ ਕੇ ਜੀਅ ਰਹੇ ਹਨ। ਲੋਕਾਂ ਨੇ ਦੱਸਿਆ ਕਿ ਜੇਕਰ ਬਿਜਲੀ ਦੀਆਂ ਤਾਰਾਂ ਅਤੇ ਮੀਟਰਾਂ ਵਿਚ ਕਰੰਟ ਆ ਗਿਆ ਤਾਂ ਨਾ ਜਾਣੇ ਕਿੰਨੇ ਲੋਕ ਮਰ ਜਾਣਗੇ। ਲੋਕਾਂ ਨੇ ਤੁਰੰਤ ਪਾਵਰਕਾਮ ਫਿਰੋਜ਼ਪੁਰ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ।

ਐੱਸ. ਈ. ਨੇ ਤੁਰੰਤ ਲਿਆ ਸਖਤ ਨੋਟਿਸ

ਜਿਵੇਂ ਹੀ ਇਸ ਗੱਲ ਦਾ ਪਾਵਰਕਾਮ ਫਿਰੋਜ਼ਪੁਰ ਸਰਕਲ ਦੇ ਐੱਸ. ਈ. ਇੰਜੀਨੀਅਰ ਰਾਮੇਸ਼ ਕੁਮਾਰ ਸਰੰਗਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਾਰੇ ਐੱਸ. ਡੀ. ਓਜ਼ , ਜੇ. ਈਜ਼ ਅਤੇ ਹੋਰ ਬਿਜਲੀ ਕਰਮਚਾਰੀਆਂ ਦੇ ਸਟਾਫ ਨੂੰ ਉਥੇ ਭੇਜ ਦਿੱਤਾ ਅਤੇ ਹੁਕਮ ਦਿੱਤੇ ਕਿ ਬਿਜਲੀ ਦੀ ਸਪਲਾਈ ਨੂੰ ਬੰਦ ਰੱਖ ਕੇ ਇਹ ਸਾਰੇ ਮੀਟਿਰ ਉੱਚੇ ਕਰ ਕੇ ਲਾਏ ਜਾਣ। ਸਮਾਚਾਰ ਲਿਖੇ ਜਾਣ ਤੱਕ ਪਾਵਰਕਾਮ ਫਿਰੋਜ਼ਪੁਰ ਦਾ ਸਟਾਫ ਕੰਮ ਵਿਚ ਜੁਟਿਆ ਹੋਇਆ ਹੈ।

Bharat Thapa

This news is Content Editor Bharat Thapa