ਕੋਰੋਨਾ ਵਾਇਰਸ ਕਾਰਨ ਜ਼ਿਲੇ ਅੰਦਰ ਵਿਦਿਅਕ ਅਦਾਰੇ 31 ਮਾਰਚ ਤੱਕ ਰਹਿਣਗੇ ਬੰਦ

03/19/2020 1:43:42 AM

ਮਾਨਸਾ,  (ਮਿੱਤਲ)- ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਵੱਲੋਂ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ ਅੰਦਰ ਵਿਦਿਅਕ ਅਦਾਰੇ, ਆਈਲੈਟਸ ਤੇ ਕੋਚਿੰਗ ਸੈਂਟਰ 31 ਮਾਰਚ 2020 ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜਦਕਿ ਸਕੂਲਾਂ ਤੇ ਕਾਲਜਾਂ 'ਚ ਹੋਣ ਵਾਲੇ ਇਮਤਿਹਾਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ। ਉਨ੍ਹਾਂ ਵੱਲੋਂ ਇਹ ਹੁਕਮ ਮਹਾਂਮਾਰੀ ਰੋਗ ਐਕਟ 1897 ਦੇ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਉਪਰੋਕਤ ਗਤੀਵਿਧੀਆਂ ਤੋਂ ਇਲਾਵਾ ਜ਼ਿਲੇ ਅੰਦਰ ਹਰ ਤਰ੍ਹਾਂ ਦੇ ਖੇਡ ਮੁਕਾਬਲੇ, ਕਾਨਫਰੰਸਾਂ, ਸੱਭਿਆਚਾਰਕ ਸਮਾਗਮ, ਮੇਲੇ, ਪ੍ਰਦਰਸ਼ਨੀਆਂ ਤੇ ਹੋਰ ਜਨਤਕ ਇਕੱਠਾਂ 'ਤੇ ਵੀ ਅਗਲੇ ਹੁਕਮਾਂ ਤੱਕ ਰੋਕ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।  ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਇਰਸ ਤੋਂ ਡਰਨ ਦੀ ਨਹੀਂ, ਸਗੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ ਅੰਦਰ ਹਾਲੇ ਤੱਕ ਕੋਈ ਵੀ ਕੇਸ ਨਹੀਂ ਪਾਇਆ ਗਿਆ।

Bharat Thapa

This news is Content Editor Bharat Thapa