ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜਨ-ਜੀਵਨ ਹੋਇਆ ਪ੍ਰਭਾਵਿਤ

09/24/2018 5:05:29 AM

ਜ਼ੀਰਾ, (ਗੁਰਮੇਲ)– ਪਿਛਲੇ 2 ਦਿਨਾਂ ਤੋਂ ਪੈ  ਰਹੇ ਲਗਾਤਾਰ ਬਾਰਿਸ਼ ਹੋਣ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਬਾਰਿਸ਼  ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਇਹ  ਬਾਰਿਸ਼ ਕੁਝ ਫਸਲਾਂ ਲਈ ਵਰਦਾਨ ਅਤੇ ਕੁਝ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਕਿਉਂਕਿ ਝੋਨੇ ਦੀ ਫਸਲ ਜੋ ਪੱਕ ਚੁੱਕੀ ਹੈ, ਉਸ ਦਾ ਕੁਝ ਨੁਕਸਾਨ ਹੋ ਸਕਦਾ ਹੈ ਪਰ ਝੋਨੇ ਦੀਆਂ ਪਿਛੇਤੀਆਂ ਫਸਲਾਂ ਨੂੰ  ਤੇਲੇ ਦੀ ਮਾਰ ਤੋਂ ਭਾਰੀ ਰਾਹਤ ਮਿਲੇਗੀ। ਇਹ ਬਾਰਿਸ਼ ਪਿਛੇਤੇ ਝੋਨੇ ਨੂੰ ਵਧੀਆ ਕਵਾਲਿਟੀ ਬਣਾਉਣ ਵਿਚ  ਅਤਿ ਸਹਾਈ ਹੋਵੇਗੀ। 
ਖੇਤੀ ਮਾਹਿਰਾਂ ਅਨੁਸਾਰ   ਬਾਰਿਸ਼ ਨਾਲ ਫਸਲਾਂ ਦਾ ਧੋਤੇ ਜਾਣਾ ਉਨ੍ਹਾਂ ਦੀ ਕੁਆਲਟੀ ਨੂੰ ਚੰਗਾ ਕਰਦਾ ਹੈ, ਜਿਸ ਨਾਲ ਜਿਥੇ ਦਾਣਾ ਨਰੋਆ ਹੁੰਦਾ ਹੈ, ਉਥੇ ਬੀਮਾਰੀਆਂ ਤੋਂ ਵੀ ਫਸਲਾਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਲਗਾਤਾਰ   ਪੈ ਰਹੀ  ਬਾਰਿਸ਼ ਨੇ ਸਡ਼ਕਾਂ ਉੱਪਰ ਪਾਣੀ ਹੀ ਪਾਣੀ ਕਰ ਦਿੱਤਾ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਕਿ ਜ਼ੀਰਾ-ਤਲਵੰਡੀ ਰੋਡ ’ਤੇ ਮੇਨ ਸਡ਼ਕ ਵਿਚ ਭਾਰੀ ਮਾਤਰਾ ’ਚ ਪਾਣੀ ਖਡ਼੍ਹਾ ਹੋ ਗਿਆ, ਜਿਸ ਕਰ ਕੇ ਗੱਡੀਆਂ ਲੰਘ ਸਕੀਆਂ  ਪਰ ਸਕੂਟਰ-ਮੋਟਰਸਾਈਕਲਾਂ ਵਾਲੇ ਪ੍ਰੇਸ਼ਾਨ ਨਜ਼ਰ ਆਏ।
ਫਿਰੋਜ਼ਪੁਰ,  (ਸੋਨੂੰ)–ਸ਼ਹਿਰ ਅਤੇ ਛਾਉਣੀ ’ਚ  ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਤੋਂ ਬਾਅਦ ਹੋਈ ਬਾਰਿਸ਼ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਫਿਰੋਜ਼ਪੁਰ   ’ਚ ਬੀਤੀ ਰਾਤ ਨੂੰ   ਹੋਏ   ਮੀਂਹ ਕਾਰਨ ਜਿਥੇ ਸ਼ਹਿਰ ’ਚ ਉੱਚੀਆਂ-ਨੀਵੀਆਂ ਸਡ਼ਕਾਂ ਹੋਣ ਕਾਰਨ ਸਡ਼ਕਾਂ ਅਤੇ ਗਲੀਆਂ ਦੇ ਵਿਚ ਪਾਣੀ ਖਡ਼੍ਹ ਗਿਆ ਹੈ, ਜਿਸ ਕਾਰਨ ਆਉੁਣ-ਜਾਣ ਵਾਲੇ ਲੋਕਾਂ   ਨੂੰ ਬਹੁਤ ਮਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਬਾਰਿਸ਼ ਦੇ ਨਾਲ ਤੇਜ਼ ਹਵਾ ਚੱਲਣ ਕਾਰਨ ਰੇਲਵੇ  ਡੀ. ਆਰ. ਐੱਮ.  ਦੀ ਕੋਠੀ ’ਚ ਲੱਗੇ ਦਰੱਖਤ ਦਾ ਇਕ ਹਿੱਸਾ ਟੁੱਟ ਕੇ ਸਡ਼ਕ  ’ਤੇ ਡਿੱਗਣ  ਨਾਲ ਆਵਾਜਾਈ ’ਚ  ਮੁਸ਼ਕਲ ਆ ਰਹੀ ਹੈ  । 
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਛਾਉਣੀ ਬੱਸ ਸਟੈਂਡ  ਦੇ  ਅੰਦਰ ਕਾਫੀ ਮਾਤਰਾ ’ਚ ਬਾਰਿਸ਼ ਦਾ ਪਾਣੀ ਖਡ਼੍ਹ  ਗਿਆ ਹੈ ਅਤੇ ਲਗਾਤਾਰ ਹੋ ਰਹੀ ਕਿੰਨ-ਮਿੰਨ ਕਾਰਨ ਆਉਣ-ਜਾਣ ਵਾਲੇ ਮੁਸਾਫਰਾਂ ਨੂੰ  ਖੜ੍ਹੇ ਪਾਣੀ ’ਚੋਂ ਲੰਘਣ   ’ਚ ਵੀ ਮੁਸ਼ਕਲਾਂ ਆ ਰਹੀਆਂ ਹਨ।   ਮੌਜੂਦਾ ਲੋਕਾਂ ਨੇ   ਮੰਗ  ਕੀਤੀ   ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ।