ਅੰਗਹੀਣਾਂ ਰਾਹੀਂ ਮਾਨਸੇ ’ਚ ਤਸਕਰ ਵੇਚ ਰਹੇ ਨੇ ਨਸ਼ਾ, ਔਰਤ ਸਣੇ 4 ਕਾਬੂ

09/24/2019 9:00:13 PM

ਮਾਨਸਾ, (ਸੰਦੀਪ ਮਿੱਤਲ)- ਜ਼ਿਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ ਵੱਖ ਥਾਵਾਂ ਤੋਂ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਕੋਲੋਂ 1070 ਨਸ਼ੀਲੀਆਂ ਗੋਲੀਆਂ ਅਤੇ 100 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ।
ਜ਼ਿਲਾ ਪੁਲਸ ਮੁਖੀ ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਲਈ ਪੁਲਸ ਤੋਂ ਬਚਣ ਦੇ ਨਵੇ ਨਵੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਸਰੀਰਕ ਪੱਖੋ ਆਪੰਗ ਵਿਅਕਤੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ  ਥਾਣਾ ਭੀਖੀ ਵਿਖੇ ਦਰਜ਼ ਹੋਏ ਮੁਕੱਦਮੇ ਵਿੱਚ 920 ਨਸ਼ੀਲੀ ਗੋਲੀਆ ਦੀ ਬਰਾਮਦਗੀ ਹੋਣ ਤੇ ਦੋ ਦੋਸ਼ੀਆਂ ਬੌਬੀ ਰਾਮ(ਉਮਰ 35 ਸਾਲ) ਪੁੱਤਰ ਪੂਰਨ ਚੰਦ ਵਾਸੀ ਵਾਰਡ ਨੰਬਰ 5 ਭੀਖੀ ਅਤੇ ਮੰਗਤੀ ਕੌਰ(ਉਮਰ ਕਰੀਬ 55 ਸਾਲ) ਪਤਨੀ ਪਿਆਰਾ ਸਿੰਘ ਵਾਸੀ ਵਾਰਡ ਨੰਬਰ 5 ਭੀਖੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਬੋਬੀ ਰਾਮ ਜਿਸਦੀ ਦੋਨੋ ਲੱਤਾਂ ਮਰੀਆ ਹੋਈਆ ਹਨ ਅਤੇ ਚੱਲਣ-ਫਿਰਨ ਤੋਂ ਅਸਮੱਰਥ ਹੈ ਅਤੇ ਟਰਾਈਸਾਈਕਲ ਤੇ ਹੀ ਤੁਰਦਾ/ਫਿਰਦਾ ਹੈ, ਜੋ ਬੱਸ ਅੱਡਾ ਭੀਖੀ ਵਿਖੇ ਸਬਜੀ ਦੀ ਰੇਹੜੀ ਲਗਾਉਂਦਾ ਹੈ। ਮੁਕੱਦਮੇ ਵਿੱਚ ਗ੍ਰਿਫਤਾਰ ਕੀਤੀ ਮੰਗਤੀ ਕੌਰ ਨੇ ਦੱਸਿਆ ਕਿ ਉਹ ਹਰਿਆਣਾ ਪ੍ਰਾਂਤ ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋ ਨਸ਼ੀਲੀਆ ਗੋਲੀਆ ਲਿਆ ਕੇ ਆਪੰਗ ਵਿਆਕਤੀ ਬੋਬੀ ਰਾਮ ਰਾਹੀ ਨਸ਼ੇੜੀਆ ਨੂੰ ਵੇਚਦੀ ਸੀ ਤਾਂ ਜੋ ਪੁਲਸ ਨੂੰ ਸ਼ੱਕ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਇਸੇ ਤਰਾ ਥਾਣਾ ਸਰਦੂਲਗੜ ਦੀ ਪੁਲਸ ਵਲੋਂ ਹਰਪਾਲ ਸਿੰਘ ਪੁੱਤਰ ਮਾਹੀਆ ਰਾਮ ਵਾਸੀ ਝੰਡੂਕੇ ਪਾਸੋਂ 150  ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਿਸਦੀ ਮੁਢਲੀ ਪੁੱਛਗਿੱਛ ਤੇ ਮੁਕੱਦਮੇ ਵਿੱਚ ਸੁਖਦੇਵ ਸਿੰਘ ਉਰਫ ਗੋਸਾ(ਉਮਰ ਕਰੀਬ 35 ਸਾਲ) ਪੁੱਤਰ ਜੈਲਾ ਸਿੰਘ ਵਾਸੀ ਰੋੜੀ (ਹਰਿਆਣਾ) ਨੂੰ ਦੋਸ਼ੀ ਨਾਮਜਦ ਕਰਕੇ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ 100 ਨਸ਼ੀਲੇ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਦੋਸ਼ੀ ਸੁਖਦੇਵ ਸਿੰਘ ਉਰਫ ਗੋਸਾ ਵੀ ਆਪੰਗ (ਹੈਡੀਕੈਂਪਟ) ਵਿਆਕਤੀ ਹੈ ਅਤੇ ਚੱਲਣ ਫਿਰਨ ਤੋਂ ਅਸਮੱਰਥ ਹੈ ਅਤੇ ਟਰਾਈਸਾਈਕਲ ਤੇ ਹੀ ਤੁਰਦਾ-ਫਿਰਦਾ ਹੈ।
 ਅਖੀਰ ਵਿੱਚ ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਜ਼ਿਲੇ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਕਰਕੇ ਜ਼ਿਲੇ ਨੂੰ 100 ਪ੍ਰਤੀਸ਼ਤ ਨਸ਼ਾ ਮੁਕਤ ਕੀਤਾ ਜਾਵੇਗਾ। ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Bharat Thapa

This news is Content Editor Bharat Thapa