ਨਸ਼ੇ ਦੀ ਓਵਰਡੋਜ਼ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

04/16/2019 8:00:41 PM

ਮਲੋਟ, 16 ਅਪ੍ਰੈਲ (ਜੁਨੇਜਾ) : ਮਲੋਟ ਵਿਖੇ ਇਕ 39 ਸਾਲਾਂ ਨੌਜਵਾਨ ਦੀ ਭੇਤ-ਭਰੇ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਇਕ ਨੌਜਵਾਨ ਨੇ ਮਲੋਟ ਹਾਈਵੇ 'ਤੇ ਬਣੇ ਇਕ ਪੈਟਰੋਲ ਪੰਪ ਦੇ ਪਖਾਨੇ ਅੰਦਰ ਜਾ ਕੇ ਦਰਵਾਜੇ ਨੂੰ ਕੁੰਡੀ ਲਾ ਲਈ। ਉਸ ਦੇ ਅੱਧਾ-ਪੌਣਾ ਘੰਟਾ ਬਾਹਰ ਨਾ ਆਉਣ 'ਤੇ ਪੰਪ ਮਾਲਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਦਰਵਾਜਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਤੇ ਉਸ ਦੀ ਹਾਲਤ ਜ਼ਿਆਦਾ ਨਸ਼ਾ ਕਰਨ ਕਰ ਕੇ ਗੰਭੀਰ ਬਣੀ ਹੋਈ ਸੀ।
ਸੂਤਰਾਂ ਮੁਤਾਬਕ ਉਕਤ ਨੌਜਵਾਨ ਵਲੋਂ ਪਖਾਨੇ 'ਚ ਜਾ ਕੇ ਨਸ਼ੇ ਦਾ ਕੋਈ ਇੰਜੈਕਸ਼ਨ ਲਾਇਆ ਗਿਆ ਸੀ, ਜਿਸ ਕਾਰਨ ਬਾਂਹ ਤੇ ਬੁਨਾਇਨ 'ਤੇ ਖੂਨ ਦੇ ਨਿਸ਼ਾਨ ਲੱਗੇ ਹੋਏ ਸਨ। ਇਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਨੌਜਵਾਨ ਨੂੰ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਡੱਬਵਾਲੀ ਢਾਬ ਵਜੋਂ ਹੋਈ।ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ 'ਚ ਮਾਤਾ-ਪਿਤਾ ਤੋਂ ਇਲਾਵਾ ਪਤਨੀ ਤੇ ਉਸ ਦਾ 17 ਸਾਲਾ ਇਕ ਬੇਟਾ ਹੈ।