ਮਾਨਸਾ ''ਚ ਪ੍ਰਸ਼ਾਸਨ ਨੇ ਫੜੇ ਅਵਾਰਾ ਪਸ਼ੂ, ਲੋਕਾਂ ਨੇ ਮਹਿਸੂਸ ਕੀਤੀ ਰਾਹਤ

09/23/2019 8:37:50 PM

ਮਾਨਸਾ, (ਸੰਦੀਪ ਮਿੱਤਲ)- ਜ਼ਿਲਾ ਪ੍ਰਸ਼ਾਸਨ ਮਾਨਸਾ ਵਲੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਹੇਠ ਮਾਨਸਾ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤੀ  ਦਿਵਾਉਣ ਲਈ ਨਗਰ ਕੌਂਸਲ ਮਾਨਸਾ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਬੜੀ ਤੇਜ਼ੀ ਨਾਲ ਫੜੋ-ਫੜੀ ਦਾ ਸਿਲਸਿਲਾ ਜਾਰੀ ਹੈ। ਹੁਣ ਤੱਕ 70-80 ਦੇ ਕਰੀਬ ਅਵਾਰਾ ਪਸ਼ੂਆਂ ਨੂੰ ਫੜ ਕੇ ਪਿੰਡ ਖੋਖਰ ਵਿਖੇ ਸਥਿਤ ਗਊਸ਼ਾਲਾ 'ਚ ਭੇਜ ਦਿੱਤੇ ਹਨ। ਜਿਸ ਨਾਲ ਸ਼ਹਿਰ ਵਾਸੀ ਕਾਫੀ ਰਾਹਤ ਮਹਿਸੂਸ ਕਰਨ ਲੱਗੇ ਹਨ। ਇਸ ਤੋਂ ਪਹਿਲਾ ਮਾਨਸਾ ਦੀਆਂ ਸੜਕਾਂ ਤੇ ਗਲੀਆਂ 'ਚ ਅਵਾਰਾ ਪਸ਼ੂਆਂ ਦੇ ਝੁੰਡ ਫਿਰਦੇ ਦਿਖਾਈ ਦਿੰਦੇ ਹਨ। ਲੰਘੇ ਦਿਨੀ ਅਵਾਰਾ ਪਸ਼ੂਆਂ ਸਦਕਾ ਵਾਪਰੇ ਸੜਕ ਹਾਦਸਿਆਂ ਕਾਰਣ ਮਾਨਸਾ ਜ਼ਿਲੇ ਅੰਦਰ ਇਕ ਦਰਜਨ ਲੋਕਾਂ ਨੂੰ ਆਪਣੀ ਜਾਨ ਗੁਵਾਉਣੀ ਪਈ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਉਠਾਏ ਠੋਸ ਕਦਮਾਂ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਕਿਉਂਕਿ ਪਹਿਲਾ ਲੋਕ ਘਰਾਂ 'ਚੋਂ ਬਾਹਰ ਨਿਕਲਣ ਤੋ ਝਿਜਕਦੇ ਸਨ। ਹੁਣ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲਣ ਲੱਗੀ ਹੈ।

ਜ਼ਿਲਾ ਪ੍ਰਸ਼ਾਸਨ ਕਰ ਰਿਹੈ ਨਜ਼ਰਸਾਨੀ
ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਨਗਰ ਕੌਂਸਲ ਮਾਨਸਾ ਵੱਲੋਂ ਅਵਾਰਾ ਪਸ਼ੂਆਂ ਨੂੰ ਹਰ ਰੋਜ਼ ਫੜ ਕੇ ਪਿੰਡ ਖੋਖਰ ਦੀ ਗਊਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ। ਇਸ ਮੁਹਿੰਮ ਦੀ ਜ਼ਿਲਾ ਪ੍ਰਸ਼ਾਸਨ ਲਗਾਤਾਰ ਨਜ਼ਰਸਾਨੀ ਕਰ ਰਿਹਾ ਹੈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੁਹਿੰਮ 'ਚ  ਸਹਿਯੋਗ ਦੇ ਰਹੇ ਹਨ। ਇਸ ਮੌਕੇ ਸਮਾਜ ਸੇਵੀ ਪਵਨ ਕੁਮਾਰ ਕੋਟਲੀ, ਅਰੁਣ ਬਿੱਟੂ, ਰਕੇਸ਼ ਕੁਮਾਰ ਸੈਕਟਰੀ, ਰਾਜੂ ਚਾਂਦਪੁਰੀਆ, ਕਾਲਾ ਜਵਾਹਰਕੇ ਆਦਿ ਵੱਡੀ ਗਿਣਤੀ ਵਿਚ ਸਮਾਜ ਸੇਵੀਆਂ ਨੇ ਪਸ਼ੂ ਫੜਨ ਵਿਚ ਆਪਣਾ ਸਹਿਯੋਗ ਦਿੱਤਾ।

ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਦਾ
ਜ਼ਿਲੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦਾ ਕਹਿਣਾ ਹੈ ਕਿ ਮਾਨਸਾ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤੀ ਦਿਵਾਉਣ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਭਾਵੇ ਇਹ ਕੰਮ ਬੜਾ ਕਠਿਨ ਹੈ ਪਰ ਫਿਰ ਵੀ ਅਜਿਹੇ ਠੋਸ ਯਤਨ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੁੱਚੇ ਸੂਬੇ ਵਿਚ ਲੋਕਾਂ ਦੀ ਹਿਫਾਜਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜਿਸ ਤਹਿਤ ਅਵਾਰਾ ਪਸ਼ੂਆਂ ਦੇ ਹੱਲ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ।

ਮੰਗਾਂ ਮੰਨਣ ਤੇ ਮ੍ਰਿਤਕ ਦਾ ਤੀਜੇ ਦਿਨ ਕੀਤਾ ਸਸਕਾਰ; ਮਾਨਸਾ 'ਚ ਸੰਘਰਸ਼ ਜਾਰੀ
ਨਜ਼ਦੀਕੀ ਪਿੰਡ ਜਵਾਹਰਕੇ ਵਿਖੇ ਅਵਾਰਾ ਪਸ਼ੂਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਦਲਿਤ ਨੌਜਵਾਨ ਮਨਪ੍ਰੀਤ ਸਿੰਘ ਦੇ ਮਾਪਿਆਂ ਅਤੇ ਸੰਘਰਸ਼ ਕਮੇਟੀ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ। ਜਿਸ ਤਹਿਤ ਸਰਕਾਰ ਵਲੋਂ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਅਤੇ ਮ੍ਰਿਤਕ ਦੀ ਵਿਧਵਾ ਨੂੰ ਡੀ.ਸੀ ਰੇਟ ਤੇ ਨੌਕਰੀ ਦਿੱਤੇ ਜਾਣ ਦੇ ਫੈਸਲੇ ਤੋਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਅਵਾਰਾ ਪਸ਼ੂਆਂ ਨਾਲ ਜਵਾਹਰਕਾ ਵਾਸੀ ਮਨਪ੍ਰੀਤ ਸਿੰਘ ਦੀ ਹੋਈ ਮੌਤ ਉਪਰੰਤ ਪਿੰਡ ਦੀ ਪੰਚਾਇਤ, ਲੋਕਾਂ ਅਤੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਨੇ ਮਿਲ ਕੇ ਸਸਕਾਰ ਖਿਲਾਫ ਅਣਮਿੱਥੇ ਸਮੇਂ ਧਰਨਾ ਸ਼ੁਰੂ ਕਰ ਦਿੱਤਾ ਸੀ ਪੰ੍ਰਤੂ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਨੁਮਾਇੰਦਿਆਂ ਦੀ ਹੋਈ ਮੀਟਿੰਗ ਦੌਰਾਨ 3 ਲੱਖ ਰੁਪਏ ਸਰਕਾਰੀ ਤੌਰ 'ਤੇ, 1 ਲੱਖ ਰੁਪਏ ਇਕੱਠਾ ਕਰਕੇ ਅਤੇ ਮ੍ਰਿਤਕ ਦੀ ਵਿਧਵਾ ਨੂੰ ਡੀ.ਸੀ ਰੇਟ ਉਪਰ ਨੌਕਰੀ ਦੇਣ ਦੇ ਹੋਏ ਫੈਸਲੇ ਉਪਰੰਤ ਉਨ੍ਹਾਂ ਆਪਣਾ ਸੰਘਰਸ਼ ਮੁਲਤਵੀ ਕਰਦਿਆਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਅੱਜ ਲਗਾਏ ਧਰਨੇ ਦੌਰਾਨ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੁੱਚੇ ਸੂਬੇ ਵਿਚ ਅਵਾਰਾ ਪਸ਼ੂਆਂ ਦੇ ਹੱਲ ਲਈ ਠੋਸ ਨੀਤੀ ਅਪਣਾਈ ਜਾਵੇ। ਇਸ ਮੌਕੇ ਜਗਦੀਪ ਸਿੰਘ ਨਕੱਈ ਸਾਬਕਾ ਸੰਸਦੀ ਸਕੱਤਰ, ਗੁਰਸੇਵਕ ਸਿੰਘ ਜਵਾਹਰਕੇ, ਬੱਬੀ ਦਾਨੇਵਾਲੀਆ, ਡਾ. ਜਨਕ ਰਾਜ ਸਿੰਗਲਾ, ਪ੍ਰੇਮ ਅਗਰਵਾਲ, ਬਲਵਿੰਦਰ ਸਿੰਘ ਕਾਕਾ, ਬਿੱਕਰ ਮੰਘਾਣੀਆ, ਸਿਮਰਜੀਤ ਕੌਰ ਸਿੰਮੀ, ਗੁਰਲਾਭ ਸਿੰਘ,  ਸਰਪੰਚ ਤਰਲੋਚਨ ਸਿੰਘ, ਸਾਬਕਾ ਸਰਪੰਚ ਗੁਰਜੀਤ ਸਿੰਘ, ਮਾ. ਗੁਰਮੇਲ ਸਿੰਘ, ਇੰਦਰਜੀਤ ਸਿੰਘ ਮੁਨਸ਼ੀ, ਨਰੇਸ਼ ਸ਼ਰਮਾ, ਸਤੀਸ਼ ਸਿੰਗਲਾ ਵੀ ਹਾਜ਼ਰ ਸਨ।

Bharat Thapa

This news is Content Editor Bharat Thapa