ਸਟਾਫ਼ ਦੀ ਕਮੀ ਅਤੇ ਖੂਨ ਦੀ ਭਾਰੀ ਘਾਟ ਕਾਰਨ ਜੂਝ ਰਹੇ ਹਨ ਜ਼ਿਲੇ ਦੇ ਬਲੱਡ ਬੈਂਕ : ਡਾ. ਗਿੱਲ

05/27/2018 7:09:39 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਅਤੇ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ, ਜਿਥੇ ਸੰਗਤਾਂ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੀਆਂ ਹਨ। ਜ਼ਿਲੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲਾ ਕੋਆਰਡੀਨੇਟਰ ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੇ ਫੈਸਲਾ ਕੀਤਾ ਹੈ ਕਿ ਜ਼ਿਲੇ 'ਚ ਲੋੜਵੰਦ ਲੋਕਾਂ ਲਈ ਬਲੱਡ ਦੀ ਕਮੀ ਕਦੇ ਵੀ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਸਮਾਜ ਸੇਵੀ ਸੰਸਥਾਵਾਂ ਦਾ ਮੁੱਖ ਉਦੇਸ਼ ਹੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ। 
ਉਨ੍ਹਾਂ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜ਼ਿਲੇ ਦੇ ਬਲੱਡ ਬੈਂਕਾਂ 'ਚ ਬਲੱਡ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਜਿਸ ਦੇ ਮੁੱਖ ਕਾਰਨ ਬਲੱਡ ਬੈਂਕਾਂ 'ਚ ਸਟਾਫ਼ ਦੀ ਘਾਟ ਨਜ਼ਰ ਆ ਰਹੀ ਹੈ ਪਰ ਸਮਾਜ ਸੇਵੀ ਸੰਸਥਾਵਾਂ ਅਤੇ ਖੂਨਦਾਨੀ ਖੂਨ ਦੇਣ ਲਈ ਤਿਆਰ ਹਨ। ਦੂਜੇ ਪਾਸੇ ਬਲੱਡ ਬੈਂਕਾਂ 'ਚ ਖੂਨ ਦੀ ਘਾਟ ਕਰਕੇ ਲੋੜਵੰਦ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਡਾ. ਗਿੱਲ ਨੇ ਦੱਸਿਆ ਕਿ ਬਲੱਡ ਬੈਂਕ ਸ੍ਰੀ ਮੁਕਤਸਰ ਸਾਹਿਬ 'ਚ ਕਰੀਬ 500 ਯੂਨਿਟ ਬਲੱਡ ਰੱਖਣ ਦੀ ਕਪੈਸਟੀ ਹੈ ਜਦੋਂ ਕਿ ਬਲੱਡ ਬੈਂਕ ਵਿਚ ਸਿਰਫ਼ 10-15 ਯੂਨਿਟ ਹੀ ਖੂਨ ਹੈ। ਇਸੇ ਤਰ੍ਹਾਂ ਮਲੋਟ ਦੇ ਬਲੱਡ ਬੈਂਕ 'ਚ ਖੂਨ ਰੱਖਣ ਦੀ ਕਪੈਸਟੀ 250 ਤੋਂ ਉਪਰ ਹੈ ਪਰ ਸਿਰਫ਼ 4 ਯੂਨਿਟ ਹੀ ਖੂਨ ਹੈ। ਉਨ੍ਹਾਂ ਡਿਪਟੀ ਸਪੀਕਰ ਪੰਜਾਬ ਅਜਾਇਬ ਸਿੰਘ ਭੱਟੀ, ਸਿਹਤ ਮੰਤਰੀ ਪੰਜਾਬ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਬਲੱਡ ਬੈਂਕਾਂ 'ਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ।


ਕੀ ਕਹਿਣਾ ਹੈ ਸਿਵਲ ਸਰਜਨ ਦਾ 
ਜਦ ਇਸ ਸਬੰਧੀ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਨਾਲ ਗੱਲਬਾਤ  ਕਰਨ 'ਤੇ ਉਨ੍ਹਾਂ ਕਿਹਾ ਕਿ ਜ਼ਿਲੇ ਦੇ ਬਲੱਡ ਬੈਂਕਾਂ 'ਚ ਖੂਨ ਦੀ ਕੋਈ ਕਮੀ ਨਹੀਂ ਹੈ। ਕਿਸੇ ਵਿਸ਼ੇਸ਼ ਬਲੱਡ ਗਰੁੱਪ ਦੇ ਨਾ ਮਿਲਣ ਕਾਰਨ ਬਲੱਡ ਦੀ ਕਮੀ ਹੋ ਸਕਦੀ ਹੈ।