ਕਿਸਾਨਾਂ ਦੀ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਨਾਲ ਗੱਲਬਾਤ ਟੁੱਟੀ

10/18/2018 6:19:55 AM

ਸਾਦਿਕ, (ਪਰਮਜੀਤ, ਦੀਪਕ)- ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ ਗਰੁੱਪ) ਵੱਲੋਂ ਪਰਾਲੀ ਸਾਡ਼ਨ ਅਤੇ ਕੁਝ ਕਿਸਾਨਾਂ ਦੇ ਕੱਟੇ ਗਏ ਚਲਾਨਾਂ ਨੂੰ ਰੱਦ ਕਰਵਾਉਣ ਸਬੰਧੀ 13 ਅਕਤੂਬਰ ਤੋਂ ਸਬ-ਤਹਿਸੀਲ ਸਾਦਿਕ ਵਿਖੇ ਨਾਇਬ ਤਹਿਸੀਲਦਾਰ ਦੇ ਦਫਤਰ ਅੱਗੇ ਦਿਨ-ਰਾਤ ਦੇ ਲੱਗੇ ਧਰਨੇ ਦੇ ਪੰਜਵੇਂ ਦਿਨ ਕਿਸਾਨਾਂ ਦੀ ਜ਼ਿਲਾ ਪ੍ਰਸ਼ਾਸਨ, ਫਰੀਦਕੋਟ ਨਾਲ ਗੱਲਬਾਤ ਟੁੱਟ ਗਈ, ਜਿਸ ਕਾਰਨ ਯੂਨੀਅਨ ਵੱਲੋਂ 23 ਅਕਤੂਬਰ ਨੂੰ ਪੰਜਾਬ ਭਰ ’ਚ ਚੱਕਾ ਜਾਮ ਕਰਨ ਦਾ ਐਲਾਨ ਕਰਦਿਆਂ ਪਿਛਲੇ 5 ਤੋਂ ਚੱਲ ਰਹੇ ਧਰਨੇ ਨੂੰ ਚੁੱਕ ਲਿਆ ਗਿਆ। 
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਜਿਸ ਦਿਨ ਤੋਂ ਧਰਨਾ ਸ਼ੁਰੂ ਹੋਇਆ, ਉਸ ਸਮੇਂ ਤੋਂ ਪ੍ਰਸ਼ਾਸਨ ਗੱਲਬਾਤ ਰਾਹੀਂ ਭਰਮਾਉਣ ਦਾ ਯਤਨ ਕਰਦਾ ਆ ਰਿਹਾ ਹੈ। ਕੱਲ ਧਰਨੇ ਵਿਚ ਐੱਸ. ਡੀ. ਐੱਮ. ਫਰੀਦਕੋਟ ਪਰਮਦੀਪ ਸਿੰਘ ਨੇ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਸੀ ਕਿ ਪ੍ਰਸ਼ਾਸਨ ਦੀ ਜਥੇਬੰਦੀ ਨਾਲ ਗੱਲਬਾਤ ਰਾਹੀਂ ਸਾਰਥਕ ਹੱਲ ਕੱਢਿਆ ਜਾਵੇਗਾ ਪਰ ਜ਼ਿਲਾ ਪ੍ਰਸ਼ਾਸਨ ਨਾਲ 2 ਘੰਟੇ ਦੀ ਮੀਟਿੰਗ ’ਚ ਕੋਈ ਹੱਲ ਨਾ ਨਿਕਲਿਆ ਅਤੇ ਗੱਲਬਾਤ ਟੁੱਟ ਗਈ। 
ਹਾਲਾਂਕਿ ਅਧਿਕਾਰੀਆਂ ਨੇ ਨਿੱਜੀ ਰਾਏ ਦਿੰਦਿਅਾਂ ਕਿਸਾਨਾਂ ਦੀਅਾਂ ਮੰਗਾਂ ਦੀ ਸਹਿਮਤੀ ਦਿੱਤੀ ਹੈ ਅਤੇ ਕੱਟੇ ਚਲਾਨਾਂ ਦਾ 15 ਨਵੰਬਰ ਤੱਕ ਹੱਲ ਕੱਢਣ ਦਾ ਭਰੋਸਾ ਵੀ ਦਿੱਤਾ ਹੈ, ਜੋ ਕਿਸਾਨਾਂ ਲਈ ਨਾ-ਕਾਫੀ ਹੈ। ਜਥੇਬੰਦੀ ਦਾ ਸੰਘਰਸ਼ ਸਿਰਫ ਕੱਟੇ ਗਏ ਚਲਾਨ ਰੱਦ ਕਰਵਾਉਣ ਲਈ ਨਹੀਂ, ਬਲਕਿ ਪਰਾਲੀ ਸਾਡ਼ਨ ਦੇ ਰੁਝਾਨ ਦਾ ਪੱਕਾ ਹੱਲ ਕਰਵਾਉਣ ਸਬੰਧੀ ਵੀ ਹੈ। 
ਡੱਲੇਵਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਗਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਪਡ਼੍ਹੇ। ਅੱਧੇ-ਅਧੂਰੇ ਕਾਨੂੰਨ ਕਿਸਾਨਾਂ ’ਤੇ ਲਾਗੂ ਨਹੀਂ ਕਰਨ ਦਿੱਤੇ ਜਾਣਗੇ। ਸਰਕਾਰ ਦੇ ਕੰਨ ਖੋਲ੍ਹਣ ਲਈ 23 ਅਕਤੂਬਰ ਨੂੰ ਚੱਕਾ ਜਾਮ ਕਰਨ ਲਈ ਤਰੀਕ ਮਿੱਥੀ ਹੈ ਤਾਂ ਜੋ ਸ਼ਾਇਦ ਹਫਤੇ ਵਿਚ ਗੂੰਗੀ-ਬੋਲ਼ੀ ਸਰਕਾਰ ਦੇ ਕਿਸਾਨਾਂ ਦੇ ਦੁੱਖ-ਦਰਦ ਸਮਝ ਵਿਚ ਆ ਜਾਣ। ਹਰ ਜ਼ਿਲੇ ਦਾ ਪ੍ਰਸ਼ਾਸਨ ਵਿਅਕਤੀਗਤ ਤੌਰ ’ਤੇ ਕਿਸਾਨਾਂ ਨਾਲ ਸਹਿਮਤ ਹੈ ਪਰ ਸਰਕਾਰ ਆਪਣੇ ਨਾਦਰਸ਼ਾਹੀ ਫਰਮਾਨ ’ਤੇ ਅਡ਼ੀ ਹੋਈ ਹੈ। ਸੂਬਾ ਪ੍ਰਧਾਨ ਨੇ ਹਫਤਾ ਭਰ ਲੰਗਰ ਚਲਾਉਣ ਵਾਲੇ ਕਿਸਾਨਾਂ ਅਤੇ ਸਹਿਯੋਗ ਦੇਣ ਵਾਲੇ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਹੱਕਾਂ ਲਈ 23 ਅਕਤੂਬਰ ਦਾ ਚੱਕਾ ਜਾਮ ਨੂੰ ਸਫਲ ਬਣਾਉਣ। 
ਇਸ ਦੌਰਾਨ ਵਿਚ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਾਕਾ ਸਿੰਘ ਕੋਟਡ਼ਾ, ਸੁਖਦੇਵ ਸਿੰਘ ਬੂਡ਼ਾ ਗੁੱਜਰ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਫਰੀਦਕੋਟ ਦੇ ਪ੍ਰਧਾਨ ਬੋਹਡ਼ ਸਿੰਘ ਰੁਪਇਆਂਵਾਲਾ,  ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਫਤਿਹ ਸਿੰਘ ਕੋਟ ਕਰੋਡ਼, ਮੱਘਰ ਸਿੰਘ ਫਿੱਡੇ, ਨਿਰਮਲ ਸਿੰਘ ਜੱਸੇਆਣਾ, ਬਖਤੌਰ ਸਿੰਘ ਸਾਦਿਕ, ਜਗਸੀਰ ਸਿੰਘ ਸਾਧੂਵਾਲਾ, ਸੰਧੂਰਾ ਸਿੰਘ, ਗੁਰਪ੍ਰੀਤ ਸਿੰਘ ਮੁਮਾਰਾ, ਕਰਤਾਰ ਸਿੰਘ, ਗੁਰਤੇਜ ਸਿੰਘ, ਦਰਸ਼ਨ ਸਿੰਘ, ਭਜਨ ਸਿੰਘ, ਗਮਦੂਰ ਸਿੰਘ, ਕੁਲਦੀਪ ਸਿੰਘ ਘੁੱਦੂਵਾਲਾ, ਸੁਖਜਿੰਦਰ ਸਿੰਘ, ਚੰਦ ਸਿੰਘ, ਤੋਤਾ ਸਿੰਘ ਜੰਡਵਾਲਾ, ਜਸਕਰਨ ਸਿੰਘ ਆਦਿ ਮੌਜੂਦ ਸਨ।