ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ

02/08/2020 3:58:07 PM

ਧੂਰੀ (ਜੈਨ) : ਪਿੰਡ ਮਾਹਮਦਪੁਰ ਵਿਖੇ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਬਿਜਲੀ ਲਾਈਨ 'ਤੇ ਕੰਮ ਕਰਦੇ ਸਮੇਂ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਬਲਵਿੰਦਰ ਕੁਮਾਰ (36) ਪੁੱਤਰ ਰਾਜ ਕੁਮਾਰ ਵਾਸੀ ਭਸੌੜ ਜੋ ਕਿ ਪਾਵਰਕਾਮ ਦੀ ਕਾਤਰੋਂ ਸਬ-ਡਵੀਜ਼ਨ ਵਿਖੇ ਸਹਾਇਕ ਲਾਈਨਮੈਨ ਵਜੋਂ ਕੰਮ ਕਰਦਾ ਸੀ। ਡਿਊਟੀ ਦੌਰਾਨ ਜਦ ਉਹ ਪਿੰਡ ਮਾਹਮਦਪੁਰ ਵਿਖੇ ਬਿਜਲੀ ਲਾਈਨ 'ਤੇ ਜੈਂਪਰ ਲਾਉਣ ਦਾ ਕੰਮ ਕਰ ਰਿਹਾ ਸੀ ਤਾਂ ਬਿਜਲੀ ਦਾ ਜ਼ਬਰਦਸਤ ਕਰੰਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ ਉਸ ਦਾ ਸਹਾਇਕ ਲਾਈਨਮੈਨ ਸਾਥੀ ਅਮਨਦੀਪ ਸਿੰਘ ਵੀ ਉਸ ਦੌਰਾਨ ਹੇਠਾਂ ਮੌਜੂਦ ਸੀ।

ਇਸ ਸਬੰਧੀ ਪਾਵਰਕਾਮ ਦੇ ਐਕਸੀਅਨ ਮਨੋਜ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਚੀਫ ਇਲੈਕਟ੍ਰਿਕ ਇੰਸਪੈਕਟਰ ਪਟਿਆਲਾ ਵੱਲੋਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਫਿਲਹਾਲ ਹਾਦਸੇ ਦੇ ਕਾਰਣਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ।

cherry

This news is Content Editor cherry