ਡਿਪਟੀ ਕਮਿਸ਼ਨਰ ਨੇ ਹੜ੍ਹ ਰੋਕੂ ਪ੍ਰਬੰਧਾਂ ਦੀ ਕੀਤੀ ਸਮੀਖਿਆ

07/18/2018 1:42:28 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ, ਖੁਰਾਣਾ) - ਜ਼ਿਲੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਐੱਮ. ਕੇ ਅਰਾਵਿੰਦ ਕੁਮਾਰ ਆਈ.ਏ.ਐੱਸ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਬੈਠਕ 'ਚ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਕਿਸੇ ਵੀ ਸੰਭਾਵਿਤ ਹੜ੍ਹ ਮੌਕੇ ਤੇਜੀ ਨਾਲ ਰਾਹਤ ਕਾਰਜ ਆਰੰਭੇ ਜਾਣ।  
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਘਟਨਾ ਮੌਕੇ ਮੁਆਵਜ਼ਾ ਦੇਣ ਸਮੇਂ ਜੇਕਰ ਕੋਈ ਵੀ ਫਾਈਲ ਕਿਸੇ ਪੱਧਰ 'ਤੇ ਬਿਨਾਂ ਕਾਰਨ 'ਤੇ ਰੂਕੀ ਤਾਂ ਸਬੰਧਤ ਵਿਭਾਗ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਸ ਬੈਠਕ ਦੌਰਾਨ ਜ਼ਿਲਾ ਮਾਲ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਦੀ ਕਾਰਜਯੋਜਨਾ ਤਿਆਰ ਕੀਤੀ ਹੋਈ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਉਪਮੰਡਲ 'ਚ 25, ਮਲੋਟ 'ਚ 47 ਅਤੇ ਗਿੱਦੜਬਾਹਾ 'ਚ 19 ਪਿੰਡਾਂ ਨੂੰ ਹੜ੍ਹ ਦਾ ਖਤਰਾ ਹੁੰਦਾ ਹੈ। ਇਸੇ ਲਈ ਇਨ੍ਹਾਂ ਪਿੰਡਾਂ 'ਚ ਵਿਸ਼ੇਸ਼ ਤੌਰ 'ਤੇ ਚੌਕਸੀ ਰੱਖੀ ਜਾਵੇ।
ਇਸ ਦੌਰਾਨ ਡ੍ਰੇਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ 'ਚ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਚਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਸੇਮ ਨਾਲਿਆਂ ਦੀ ਸਫਾਈ ਦੇ ਕੰਮਾਂ ਦੀ ਨਿਗਰਾਨੀ ਐੱਸ.ਡੀ.ਐੱਮ. ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਐੱਸ. ਡੀ. ਐੱਮ. ਰਾਜਪਾਲ ਸਿੰਘ, ਗੋਪਾਲ ਸਿੰਘ ਸਹਾਇਕ ਕਮਿਸ਼ਨਰ ਜਨਰਲ, ਮੈਡਮ ਵੀਰਪਾਲ ਕੌਰ, ਜ਼ਿਲਾ ਮਾਲ ਅਫ਼ਸਰ ਅਵਤਾਰ ਸਿੰਘ ਮੱਕੜ ਆਦਿ ਹਾਜ਼ਰ ਸਨ।