ਦਿੱਲੀ ਪਰੇਡ ਦੀਆਂ ਤਿਆਰੀਆਂ ਨੂੰ ਲੈ ਭਾਕਿਯੂ ਉਗਰਾਹਾਂ ਨੇ ਕੱਢਿਆ ਟਰੈਕਟਰ ਮਾਰਚ

01/21/2021 5:05:21 PM

ਜਲਾਲਾਬਾਦ (ਸੇਤੀਆ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 26 ਜਨਵਰੀ ਨੂੰ ਦਿੱਲੀ ’ਚ ਹੋਣ ਵਾਲੀ ਟ੍ਰੈਕਟਰ ਪਰੇਡ ਦੀਆਂ ਤਿਆਰੀਆਂ ਨੂੰ ਲੈ ਕੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਟਰੈਕਟਰ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਦੀ ਅਗਵਾਈ ਹੇਠ ਕੱਢੇ ਗਏ ਟਰੈਕਟਰ ਮਾਰਚ ਦੌਰਾਨ ਹਜਾਰਾਂ ਦੀ ਗਿਣਤੀ ’ਚ ਟਰੈਕਟਰ ਤੇ  ਕਿਸਾਨਾਂ ਨੇ ਭਾਗ ਲਿਆ ਅਤੇ ਕੇਦਰ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ।

ਇਹ ਟਰੈਕਟਰ ਮਾਰਚ ਮਾਹਮੂਜੋਈਆ ਟੋਲ ਪਲਾਜਾ ਤੋਂ ਅਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ’ਚ ਲੰਘਦਾ ਹੋਇਆ ਆਸ-ਪਾਸ ਪਿੰਡਾਂ ’ਚ ਵੀ ਪਹੁੰਚਿਆ। ਜਿਥੇ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ 26 ਜਨਵਰੀ ਦੀ ਪਰੇਡ ’ਚ ਵੱਧ ਤੋਂ ਵੱਧ ਸੰਖਿਆ ’ਚ ਸ਼ਿਰਕਤ ਕਰਨ ਲਈ ਪ੍ਰੇਰਿਤ ਕੀਤਾ। ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕਿਹਾ ਕਿ ਹਲਕੇ ਦੇ ਕਿਸਾਨਾਂ ’ਚ 26 ਜਨਵਰੀ ਨੂੰ ਹੋਣ ਜਾ ਰਹੀ ਟਰੈਕਟਰ ਪਰੇਡ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਕਿਸਾਨਾਂ ਦੀ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਜੋ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਦੇਖਦਿਆਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਘਬਰਾਈ ਹੋਈ ਹੈ ਅਤੇ ਆਏ ਦਿਨ ਕੁੱਝ ਨਾ ਕੁੱਝ ਲਾਲਚ ਦੇ ਕੇ ਕਿਸਾਨਾ ਨੂੰ ਧਰਨੇ ਤੋਂ ਉਠਾਉਣਾ ਚਾਹੁੰਦੀ ਹੈ ਪਰ ਕਿਸਾਨ ਕਿਸੇ ਵੀ ਕੀਮਤ ਤੇ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸਾਨ ਖੁੱਦ ਮੋਢੀ ਹੋ ਕੇ ਸੰਘਰਸ਼ ’ਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਇਸ ਸੰਘਰਸ਼ ’ਚ ਹਰੇਕ ਵਰਗ ਨਾਲ ਸਬੰਧਤ ਰੱਖਣ ਵਾਲੇ ਲੋਕ ਵੀ ਆਪਣੀ ਬਣਦੀ ਭਾਗੀ ਦਾਰੀ ਦੇ ਰਹੇ ਹਨ। ਇਸ ਮੌਕੇ ਅੱਜ ਦੇ ਟਰੈਕਟਰ ਮਾਰਚ ਦੌਰਾਨ ਜੋਗਿੰਦਰ ਸਿੰਘ ਰੱਤਾ ਖੇੜਾ, ਮਾ. ਬਲਵੰਤ ਸਿੰਘ, ਜੋਗਾ ਸਿੰਘ ਭੋਡੀਪੁਰ, ਸ਼ੇਰ ਸਿੰਘ ਸੈਦੋਕਾ, ਬਲਦੇਵ ਬੱਟੀ, ਮੇਜਰ ਸਿੰਘ ਖਾਲਸਾ, ਸ਼ਿੰਘਾਰਾ ਸਿੰਘ,  ਸਾਵਨ ਸਿੰਘ, ਦਰਸ਼ਨ ਸਿੰਘ, ਇਕਬਾਲ ਸਿਾਂਘ, ਜਸਵੰਤ ਸਿੰਘ, ਜਸਵੀਰ ਸਿੰਘ ਸਮੇਤ ਹੋਰ ਕਈ ਕਿਸਾਨਾਂ ਨੇ ਸੰਬੋਧਨ ਕੀਤਾ। 

Shyna

This news is Content Editor Shyna