ਲਾਪਤਾ ਨੌਜਵਾਨ ਦੀ ਸੁਖਨਾ ਲੇਕ ਤੋਂ ਮਿਲੀ ਲਾਸ਼

11/13/2019 12:56:53 AM

ਚੰਡੀਗੜ੍ਹ, (ਸੁਸ਼ੀਲ)— ਮਟੌਰ ਤੋਂ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਮੰਗਲਵਾਰ ਨੂੰ ਸੁਖਨਾ ਲੇਕ 'ਚੋਂ ਮਿਲੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਪਾਣੀ 'ਚੋਂ ਕੱਢਿਆ ਅਤੇ ਉਸ ਨੂੰ ਜੀ.ਐੱਮ.ਐੱਸ.ਐੱਚ.-16 ਲੈ ਕੇ ਗਈ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮੋਹਾਲੀ ਦੇ ਮਟੌਰ ਨਿਵਾਸੀ ਅਕਾਸ਼ (21) ਦੇ ਰੂਪ 'ਚ ਹੋਈ ਹੈ। ਸੈਕਟਰ-3 ਥਾਣਾ ਪੁਲਸ ਮਾਮਲੇ ਦੀ ਛਾਣਬੀਣ 'ਚ ਜੁਟ ਗਈ ਹੈ।

ਸੁਖਨਾ ਲੇਕ ਦੀ ਪਾਰਕਿੰਗ 'ਚੋਂ ਮਿਲੀ ਬਾਈਕ
ਸੁਖਨਾ 'ਤੇ ਘੁੰਮਣ ਆਏ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਲੇਕ 'ਚ ਕਿਸੇ ਸ਼ਖਸ ਦੀ ਲਾਸ਼ ਤੈਰ ਰਹੀ ਹੈ। ਇਸ 'ਤੇ ਸੈਕਟਰ-3 ਥਾਣਾ ਇੰਚਾਰਜ ਜਸਪਾਲ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਤੋਂ ਏਰੀਆ ਸੀਲ ਕਰ ਦਿੱਤਾ ਤੇ ਲਾਸ਼ ਨੂੰ ਪਾਣੀ 'ਚੋਂ ਬਾਹਰ ਕੱਢਿਆ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਅਕਾਸ਼ ਮੋਹਾਲੀ ਤੋਂ ਲਾਪਤਾ ਸੀ। ਅਕਾਸ਼ ਦੇ ਭਰਾ ਸਚਿਨ ਨੇ ਦੱਸਿਆ ਕਿ ਲਾਪਤਾ ਹੋਣ 'ਤੇ ਇਸ ਦੀ ਸ਼ਿਕਾਇਤ ਮੋਹਾਲੀ ਪੁਲਸ ਨੂੰ ਕੀਤੀ ਗਈ ਸੀ, ਜਿਸ ਤੋਂ ਬਾਅਦ ਬੀਤੇ ਸੋਮਵਾਰ ਨੂੰ ਅਕਾਸ਼ ਦੇ ਮੋਬਾਇਲ ਦੀ ਲੋਕੇਸ਼ਨ ਸੁਖਨਾ ਦੀ ਪਾਰਕਿੰਗ 'ਚ ਮਿਲੀ। ਪਰਿਵਾਰ ਝਟਪਟ ਇਥੇ ਪਹੁੰਚਿਆ ਤਾਂ ਉਸਦੀ ਬਾਈਕ ਪਾਰਕਿੰਗ 'ਚ ਖੜ੍ਹੀ ਸੀ ਪਰ ਅਕਾਸ਼ ਉਥੇ ਨਹੀਂ ਸੀ।

KamalJeet Singh

This news is Content Editor KamalJeet Singh