ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ਬਣੇ 'ਨਸ਼ੇ ਦਾ ਕੇਂਦਰ', ਰਿਪੋਰਟਾਂ 'ਚ ਹੋਇਆ ਹੈਰਾਨੀਜਨਕ ਖ਼ੁਲਾਸਾ

07/08/2022 11:13:18 AM

ਚੰਡੀਗੜ੍ਹ (ਹਾਂਡਾ) : ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜੋ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਸਨ, ਉਹ ਨਸ਼ਿਆਂ ਦੇ ਕੇਂਦਰ ਬਣ ਗਏ ਹਨ, ਜਿੱਥੇ ਆਦੀ ਨੌਜਵਾਨਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ। ਸਰਕਾਰ ਵਲੋਂ ਖ਼ਰੀਦੀਆਂ ਗਈਆਂ 6 ਕਰੋੜ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਗਾਇਬ ਹਨ। ਉਪਰੋਕਤ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਨਸ਼ਿਆਂ ’ਤੇ ਚੱਲ ਰਹੀ ਸੁਣਵਾਈ ਦੌਰਾਨ ਇਸ ਮਾਮਲੇ ਵਿਚ ਕੋਰਟ ਮਿੱਤਰ ਨਿਯੁਕਤ ਕੀਤੇ ਗਏ ਐਡਵੋਕੇਟ ਰਾਜੇਸ਼ ਗੁਪਤਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰਾਂ ਵਿਚ ਆਉਣ ਵਾਲੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਡਾਟਾ ਰੱਖਿਆ ਜਾਣਾ ਹੁੰਦਾ ਹੈ ਪਰ ਜਿਹੜੇ ਨਸ਼ਾ ਛੁਡਾਊ ਕੇਂਦਰਾਂ ਵਿਚ ਉਨ੍ਹਾਂ ਨੇ ਦੌਰਾ ਕੀਤਾ, ਉੱਥੇ ਉਨ੍ਹਾਂ ਨੂੰ ਨਸ਼ਿਆਂ ਦੀ ਲਪੇਟ ਵਿਚ ਆ ਕੇ ਉੱਥੇ ਆਉਣ ਵਾਲਿਆਂ ਦਾ ਕੋਈ ਰਿਕਾਰਡ ਨਹੀਂ ਮਿਲਿਆ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਅਹਿਮ ਖ਼ਬਰ, ਸ਼ੂਟਰਾਂ ਨੂੰ ਲੈ ਕੇ ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੁਲਸ

ਇਸ ਦੇ ਨਾਲ ਹੀ ਕੇਂਦਰ ਵਲੋਂ ਇਸ ਕੇਸ ਵਿਚ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਨਸ਼ਿਆਂ ਦਾ ਕਾਰੋਬਾਰ ਵਿਦੇਸ਼ਾਂ ਵਿਚ ਬੈਠੇ ਡਰੱਗ ਡੀਲਰਾਂ ਵਲੋਂ ਕੀਤਾ ਜਾ ਰਿਹਾ ਹੈ। ਅਜਿਹੇ 15 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜੋ ਸਬੰਧਤ ਦੇਸ਼ਾਂ ਨੂੰ ਭੇਜੀ ਗਈ ਹੈ, ਜਿਨ੍ਹਾਂ ਨੂੰ ਭਾਰਤ ਹਵਾਲੇ ਕਰਨ ਲਈ ਕਿਹਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।       

ਨੋਟ: ਕੀ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ? ਦਿਓ ਆਪਣੀ ਰਾਏ

 

Harnek Seechewal

This news is Content Editor Harnek Seechewal