ਫ਼ਿਰੋਜ਼ਪੁਰ ਦੇ DC ਰਾਜੇਸ਼ ਧੀਮਾਨ ਦੀ ਅਗਵਾਈ ’ਚ ‘ਨਿਰੋਗ ਨਜ਼ਰ ਮੁਹਿੰਮ’ ਦੀ ਹੋਈ ਸ਼ੁਰੂਆਤ

08/11/2023 11:42:55 PM

ਫ਼ਿਰੋਜ਼ਪੁਰ (ਬਿਊਰੋ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿਚ ‘ਨਿਰੋਗ ਨਜ਼ਰ ਮੁਹਿੰਮ’ ਸ਼ੁਰੂ ਕੀਤੀ ਗਈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਕੂਲਾਂ ਵਿਚ ਜਾ ਕੇ ਅੱਖਾਂ ਦੀ ਸੰਪੂਰਨ ਜਾਂਚ ਕੀਤੀ ਜਾਵੇਗੀ ਅਤੇ ਰੈੱਡ ਕਰਾਸ ਵੱਲੋਂ ਜਿਹੜੇ ਵਿਦਿਆਰਥੀਆਂ ਦੀ ਨਿਗ੍ਹਾ ਕਮਜ਼ੋਰ ਹੋਈ। ਉਨ੍ਹਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਜੇਕਰ ਹੋਰ ਕੋਈ ਅੱਖਾਂ ਦੀ ਬੀਮਾਰੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦਾ ਮਾਹਿਰ ਡਾਕਟਰਾਂ ਤੋਂ ਯੋਗ ਇਲਾਜ ਕਰਵਾਇਆ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਫਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਫਿਰੋਜ਼ਪੁਰ ਸ਼ਹਿਰ ਤੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਅੱਖਾਂ ਦੀ ਸੰਪੂਰਨ ਜਾਂਚ ਤੋਂ ਬਾਅਦ ਲੋੜ ਅਨੁਸਾਰ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਈ ਫਲੂ ਦੇ ਕੇਸ ਵੀ ਕਾਫੀ ਦੇਖਣ ਨੂੰ ਆ ਰਹੇ ਹਨ ਅਤੇ ਕੋਵਿਡ ਸਮੇਂ ਦੌਰਾਨ ਬੱਚਿਆਂ ਦੀ ਆਨਲਾਈਨ ਪੜ੍ਹਾਈ, ਮੋਬਾਈਲ ਦੀ ਜ਼ਿਆਦਾ ਵਰਤੋਂ, ਟੀ. ਵੀ. ਦੇਖਣ ਨਾਲ ਅੱਖਾਂ ਦੀ ਕਾਫੀ ਸਮੱਸਿਆ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀਆਂ ਅੱਖਾਂ ਦੀ ਸੰਪੂਰਨ ਜਾਂਚ ਹੋਵੇਗੀ ਅਤੇ ਲੋੜ ਪੈਣ ’ਤੇ ਹਰ ਤਰ੍ਹਾਂ ਦਾ ਇਲਾਜ ਰੈੱਡ ਕਰਾਸ ਸੁਸਾਇਟੀ ਰਾਹੀਂ ਮਾਹਿਰ ਡਾਕਟਰਾਂ ਤੋਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਚਪਨ ਵਿਚ ਹੀ ਬੱਚਿਆਂ ਦੀ ਨਜ਼ਰ ਦੀ ਜਾਂਚ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਕ ਵਾਰ ਅੱਖਾਂ ਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਜਾਂ ਬੀਮਾਰੀ ਹੋ ਜਾਵੇ ਤਾਂ ਉਸ ਨੂੰ ਵੇਲੇ ਸਿਰ ਹੀ ਠੀਕ ਕੀਤਾ ਜਾ ਸਕਦਾ ਹੈ ਪਰ ਜੇਕਰ ਜ਼ਿਆਦਾ ਦੇਰ ਹੋ ਜਾਵੇ ਤਾਂ ਇਹ ਬੀਮਾਰੀ ਲਾਇਲਾਜ ਹੋ ਜਾਂਦੀ ਹੈ।

ਇਸ ਲਈ ਸ਼ੁਰੂ ਵਿਚ ਹੀ ਅੱਖਾਂ ਦੀ ਨਜ਼ਰ ਚੈੱਕ ਕਰਵਾ ਕੇ ਉਸ ਦਾ ਮੁੱਢਲੀ ਅਵਸਥਾ ਵਿਚ ਹੀ ਇਲਾਜ਼ ਕਰਵਾਉਣਾ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ 11 ਸਿੱਖਿਆ ਬਲਾਕਾਂ ਨਾਲ ਸਬੰਧਤ ਸਕੂਲਾਂ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ 1.25 ਲੱਖ ਦੇ ਕਰੀਬ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹਰੇਕ ਵਿਦਿਆਰਥੀ ਦੀਆਂ ਅੱਖਾਂ ਦੀ ਸੰਪੂਰਨ ਜਾਂਚ ਅਤੇ ਉਨ੍ਹਾਂ ਨੂੰ ਮੁਫ਼ਤ ਇਲਾਜ, ਐਨਕਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ “ਨਿਰੋਗ ਨਜ਼ਰ ਮੁਹਿੰਮ” ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਸਾਡੀਆਂ ਅੱਖਾਂ ਦਾ ਤੰਦਰੁਸਤ ਹੋਣਾ ਹੀ ਸਾਡੀ ਪੜ੍ਹਾਈ ਤੇ ਰੋਜ਼ਾਨਾ ਜੀਵਨ ਲਈ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੀ ਨਿਗ੍ਹਾ ਕਮਜ਼ੋਰ ਹੈ ਤਾਂ ਉਹ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਲਈ ਵੱਖ-ਵੱਖ ਤਰ੍ਹਾਂ ਦੀ ਸਿਹਤ ਜਾਂਚ ਜਾਰੀ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ “ਨਿਰੋਗ ਨਜ਼ਰ ਮੁਹਿੰਮ” ਤਹਿਤ ਜ਼ਿਲ੍ਹੇ ਦੇ ਹਰੇਕ ਸਿੱਖਿਆ ਬਲਾਕ ਵਿਚ ਇਕ ਅੱਖਾਂ ਦੀ ਜਾਂਚ ਟੀਮ ਲਗਾਈ ਜਾਵੇਗੀ, ਜੋ ਹਰੇਕ ਵਿਦਿਆਰਥੀ ਦੀਆਂ ਅੱਖਾਂ ਦੀ ਜਾਂਚ ਕਰੇਗੀ ਅਤੇ ਕਮਜ਼ੋਰ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ/ਰੈੱਡ ਕਰਾਸ ਵੱਲੋਂ ਮੁਫ਼ਤ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਜਿਨ੍ਹਾਂ ਵਿਦਿਆਰਥੀਆਂ ਨੂੰ ਸਰਜਰੀ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੂੰ ਸਪੈਸ਼ਲ/ਸੁਪਰਸਪੈਸ਼ਲਿਟੀ ਡਾਕਟਰਾਂ ਤੋਂ ਚੈੱਕ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਚੱਲੇਗੀ, ਜਦੋਂ ਤੱਕ ਹਰੇਕ ਵਿਦਿਆਰਥੀ ਦੀਆਂ ਅੱਖਾਂ ਦਾ ਚੈੱਕਅਪ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਅਤੇ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ ਦੀਆਂ ਟੀਮਾਂ ਵੱਲੋਂ ਇਹ ਕੰਮ ਮਿਸ਼ਨਰੀ ਭਾਵਨਾ ਤਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਦੀਆਂ ਹੋਰ ਸਰੀਰਕ ਬੀਮਾਰੀਆਂ ਦੀ ਰੈੱਡ ਕਰਾਸ ਵੱਲੋਂ ਜਾਂਚ ਤੇ ਇਲਾਜ ਕਰਵਾਇਆ ਜਾਵੇਗਾ ਤਾਂ ਜੋ ਬੱਚਿਆਂ ਨੂੰ ਤੰਦਰੁਸਤ ਤੇ ਸਿਹਤਮੰਦ ਬਣਾਇਆ ਜਾ ਸਕੇ। ਇਸ ਮੌਕੇ ਐੱਸ. ਡੀ. ਐੱਮ. ਗਗਨਦੀਪ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ, ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ, ਸਹਾਇਕ ਸਿਵਲ ਸਰਜਨ ਡਾ. ਸ਼ੁਸਮਾ ਠੱਕਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Manoj

This news is Content Editor Manoj