ਥਾਬਲਾਂ ਦਾ ਸਫਲ ਡੇਅਰੀ ਫਾਰਮਰ ਹਰਪ੍ਰੀਤ ਸਿੰਘ ਹੋਰਨਾ ਕਿਸਾਨਾਂ ਲਈ ਬਣਿਆ ਚਾਨਣ-ਮੁਨਾਰਾ

02/13/2020 1:01:00 PM

ਬੱਸੀ ਪਠਾਣਾਂ (ਰਾਜਕਮਲ): ਬੱਸੀ ਪਠਾਣਾਂ ਬਲਾਕ ਦੇ ਪਿੰਡ ਥਾਬਲਾਂ ਦਾ ਸਫਲ ਡੇਅਰੀ ਫਾਰਮਰ ਹਰਪ੍ਰੀਤ ਸਿੰਘ ਹੋਰਨਾਂ ਕਿਸਾਨਾਂ ਲਈ ਚਾਨਣ-ਮੁਨਾਰਾ ਬਣਿਆ ਹੋਇਆ ਹੈ। ਇਹ ਸਫਲ ਡੇਅਰੀ ਫਾਰਮਰ ਰੋਜ਼ਾਨਾ 1600 ਲੀਟਰ ਦੁੱਧ ਮਿਲਕ ਪਲਾਂਟ ਮੋਹਾਲੀ (ਮਿਲਕਫੈੱਡ) ਨੂੰ ਵੇਚਦਾ ਹੈ, ਜਿਸ ਨਾਲ ਉਸ ਨੂੰ ਚੰਗੀ ਕਮਾਈ ਹੁੰਦੀ ਹੈ। ਹਰਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਪਹਿਲਾ ਉਸ ਦੇ ਪਿਤਾ ਅਵਤਾਰ ਸਿੰਘ ਡੇਅਰੀ ਦਾ ਧੰਦਾ ਕਰਦੇ ਸਨ ਅਤੇ ਹੁਣ ਉਸ ਨੇ ਇਹ ਧੰਦਾ ਸੰਭਾਲ ਲਿਆ ਹੈ, ਜਿਸ ਨੇ ਸਾਲ 2002 'ਚ 20 ਗਾਵਾਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕੀਤਾ ਸੀ ਅਤੇ ਅੱਜ ਉਸ ਕੋਲ ਐੱਚ. ਐੱਫ. ਨਸਲ ਦੀਆਂ 150 ਗਾਵਾਂ ਹਨ।

ਹਰਪ੍ਰੀਤ ਸਿੰਘ ਮਿਲਕਫੈੱਡ ਨੂੰ 37 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਵੇਚਦਾ ਹੈ। ਹਰਪ੍ਰੀਤ ਸਿੰਘ ਨੇ 2008 'ਚ ਡੇਅਰੀ ਵਿਕਾਸ ਵਿਭਾਗ ਤੋਂ ਡੇਅਰੀ ਦੀ ਸਿਖਲਾਈ ਹਾਸਲ ਕੀਤੀ ਸੀ ਤੇ 2009 'ਚ ਉਸ ਨੇ ਡੇਅਰੀ ਉਦਮੀ ਦੀ ਸਿਖਲਾਈ ਵੀ ਹਾਸਲ ਕੀਤੀ। ਉਸ ਨੇ ਗਾਵਾਂ ਲਈ ਮਾਡਲ ਕੈਟਲ ਸ਼ੈੱਡ ਬਣਾਇਆ ਹੋਇਆ ਹੈ ਜਿਸ 'ਤੇ ਡੇਅਰੀ ਵਿਕਾਸ ਵਿਭਾਗ ਵਲੋਂ ਉਸ ਨੂੰ 1 ਲੱਖ 50 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਹਰਪ੍ਰੀਤ ਸਿੰਘ ਮਿਲਕਿੰਗ ਮਸ਼ੀਨਾਂ ਨਾਲ ਗਾਵਾਂ ਦੇ ਦੁੱਧ ਦੀ ਚੁਆਈ ਕਰਦਾ ਹੈ ਅਤੇ ਇਨ੍ਹਾਂ ਮਸ਼ੀਨਾਂ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਉਸ ਨੂੰ 20 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਉਹ ਡੇਅਰੀ ਵਿਕਾਸ ਵਿਭਾਗ ਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਫਾਰਮੂਲੇ ਅਨੁਸਾਰ ਹੀ ਕੈਟਲਫੀਡ ਵੀ ਤਿਆਰ ਕਰਦਾ ਹੈ। ਉਸ ਦੀ ਇਕ ਐੱਚ. ਐੱਫ. ਨਸਲ ਦੀ ਗਾਂ ਨੇ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਵਲੋਂ ਜਗਰਾਓਂ ਵਿਖੇ ਕਰਵਾਏ ਗਏ ਪਸ਼ੂ ਮੇਲੇ 'ਚ 43.200 ਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਤੇ ਉਸ ਦੇ ਫਾਰਮ 'ਤੇ ਹੁਣ 58 ਲੀਟਰ ਦੁੱਧ ਦੇਣ ਵਾਲੀਆਂ ਗਾਵਾਂ ਵੀ ਮੌਜੂਦ ਹਨ।

ਹਰਪ੍ਰੀਤ ਸਿੰਘ ਵਲੋਂ ਆਪਣੇ ਡੇਅਰੀ ਫਾਰਮ ਨੂੰ ਆਧੁਨਿਕ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਤੇ ਉਸ ਵਲੋਂ ਵਧੀਆ ਨਸਲ ਦੇ ਸਾਨ੍ਹਾਂ ਦੇ ਵੀਰਜ ਨਾਲ ਚੰਗੀ ਨਸਲ ਦੀਆਂ ਵੱਛੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਹਰਪ੍ਰੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਜੋ ਕਿ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਹਨ, ਨੇ ਦੱਸਿਆ ਕਿ ਜੇਕਰ ਡੇਅਰੀ ਫਾਰਮਿੰਗ ਦਾ ਧੰਦਾ ਪੂਰੀ ਮਿਹਨਤ ਨਾਲ ਕੀਤਾ ਜਾਵੇ ਤਾਂ ਇਸ ਵਿਚੋਂ ਚੰਗਾ ਮੁਨਾਫਾ ਕਮਾ ਕੇ ਆਪਣਾ ਜੀਵਨ ਪੱਧਰ ਉੱਚਾ ਕੀਤਾ ਜਾ ਸਕਦਾ ਹੈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਪਾਲ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਖੇਤੀ ਲਾਗਤਾਂ ਵਧਣ ਕਾਰਣ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹੀ। ਇਸ ਲਈ ਜੇਕਰ ਕਿਸਾਨ ਸਹਾਇਕ ਧੰਦੇ ਵਜੋਂ ਡੇਅਰੀ ਦਾ ਧੰਦਾ ਅਪਣਾਉਣ ਤਾਂਂ ਉਹ ਵੀ ਆਪਣਾ ਆਰਥਿਕ ਪੱਧਰ ਉੱਚਾ ਚੁੱਕ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਡੇਅਰੀ ਦਾ ਧੰਦਾ ਅਪਣਾਉਣ, ਜਿਸ ਨਾਲ ਜਿਥੇ ਉਨ੍ਹਾਂ ਨੂੰ ਰੋਜ਼ਗਾਰ ਹਾਸਲ ਹੋਵੇਗਾ ਉੱਥੇ ਹੀ ਉਨ੍ਹਾਂ ਦਾ ਆਰਥਿਕ ਪੱਧਰ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੇਅਰੀ ਦਾ ਧੰਦਾ ਸ਼ੁਰੂ ਕਰਨ ਲਈ ਵੱਡੀਆਂ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਹਨ।

Shyna

This news is Content Editor Shyna