ਕਰਫਿਊ ਦੌਰਾਨ ਬੇਸਹਾਰਾ ਜਾਨਵਰਾਂ ਤੱਕ ਵੀ ਪਹੁੰਚ ਰਿਹੈ ਚਾਰਾ

04/01/2020 4:59:39 PM

ਬਠਿੰਡਾ (ਮਨੀਸ਼): ਕੋਵਿਡ 19 ਬੀਮਾਰੀ ਦੇ ਪਸਾਰ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਬੇਸਹਾਰਾ ਜਾਨਵਰਾਂ ਤੱਕ ਚਾਰੇ ਦੀ ਪਹੁੰਚ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਮਾਰਫ਼ਤ ਸਮਾਜ ਸੇਵੀ ਸੰਸਥਾਵਾਂ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜ਼ਿਲੇ ਦੀਆਂ ਗਊਸ਼ਾਲਾਵਾਂ ਨਾਲ ਵਿਭਾਗ ਲਗਾਤਾਰ ਰਾਬਤੇ ਵਿਚ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਗਊਸ਼ਾਲਾ 'ਚ ਚਾਰੇ ਦੀ ਘਾਟ ਨਾ ਆਵੇ। ਉਨ੍ਹਾਂ ਕਿਹਾ ਕਿ ਫਿਲਹਾਲ ਸਾਰੀਆਂ ਗਊਸ਼ਾਲਾਵਾਂ 'ਚ ਖਾਦ ਖੁਰਾਕ ਉਪਲੱਬਧ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਗਊਸ਼ਾਲਾਵਾਂ 'ਚ ਫਿਲਹਾਲ ਜ਼ਰੂਰਤ ਅਨੁਸਾਰ ਚਾਰੇ  ਦਾ ਸਟਾਕ ਵੀ ਹੈ ਅਤੇ ਸਪਲਾਈ ਵੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਵਿਭਾਗ ਇਸ ਸਬੰਧੀ ਲੋੜੀਂਦੇ ਪ੍ਰਬੰਧ ਕਰ ਰਿਹਾ ਹੈ।ਇਸ ਤੋਂ ਬਿਨਾਂ ਗਊਸ਼ਾਲਾਵਾਂ ਤੋਂ ਬਾਹਰ ਰਹਿ ਰਹੇ ਬੇਸਹਾਰਾ ਜਾਨਵਰਾਂ ਲਈ ਚਾਰੇ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੰਮ 'ਚ ਨਗਮ ਨਿਗਮ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਵੀ ਬਹੁਤ ਮਹੱਤਵਪੂਰਨ ਤਰੀਕੇ ਨਾਲ ਮਿਲ ਰਿਹਾ ਹੈ। ਛੋਟੀਆਂ ਗਲੀਆਂ ਵਿਚ ਵੀ ਬੇਸਹਾਰਾ ਜਾਨਵਰਾਂ ਤੱਕ ਚਾਰਾ ਪੁੱਜੇ ਇਸ ਲਈ ਛੋਟੇ ਹਾਥੀ ਦੀ ਵਿਵਸਥਾ ਵੀ ਕੀਤੀ ਗਈ ਹੈ।

ਡਾ: ਅਮਰੀਕ ਸਿੰਘ ਨੇ ਹੋਰ ਦੱਸਿਆ ਕਿ ਦੁੱਧ ਉਤਪਾਦਕ ਕਿਸਾਨਾਂ ਤੋਂ ਦੁੱਧ ਦੀ ਖਰੀਦ ਯਕੀਨੀ ਬਣਾਉਣ ਲਈ ਜਿੱਥੇ ਵੇਰਕਾ ਨੇ ਖਰੀਦ ਵਧਾਈ ਹੈ ਉਥੇ ਹੀ ਹੋਰਨਾਂ ਨੂੰ ਵੀ ਪਿੰਡਾਂ ਤੋਂ ਦੁੱਧ ਦੀ ਖਰੀਦ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਆਂਡਿਆਂ ਅਤੇ ਹੋਰ ਅਜਿਹੇ ਉਤਪਾਦਾਂ ਦੀ ਹੋਮ ਡਲੀਵਰੀ ਵੀ ਸ਼ੁਰੂ ਕਰਵਾਈ ਜਾ ਚੁੱਕੀ ਹੈ।

Shyna

This news is Content Editor Shyna