ਕੋਵਿਡ ਕੇਅਰ ਸੈਂਟਰ ਘਾਬਦਾ ਦੇ ਮਾੜੇ ਪ੍ਰਬੰਧਾਂ ਦੀ ਡਾਕਟਰ ਨੇ ਖੋਲ੍ਹੀ ਪੋਲ; ਵੀਡੀਓ ਵਾਇਰਲ

06/26/2020 5:49:58 PM

ਸੰਗਰੂਰ (ਬੇਦੀ): ਕੋਵਿਡ ਕੇਅਰ ਸੈਂਟਰ ਘਾਬਦਾ 'ਚ ਪ੍ਰਬੰਧਾਂ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋ ਰਹੀ ਹੈ;ਜਿਸ 'ਚ ਇਕ ਡਾਕਟਰ ਨੇ ਸਿਹਤ ਪ੍ਰਸ਼ਾਸਨ 'ਤੇ ਮੁੱਢਲੀਆਂ ਸਹੂਲਤਾਂ ਤੱਕ ਮੁਹੱਈਆ ਨਾ ਕਰਵਾਉਣ ਦੇ ਦੋਸ਼ ਲਗਾਏ। ਵਾਇਰਲ ਵੀਡੀਓ 'ਚ ਵਿਅਕਤੀ ਆਪਣਾ ਨਾਂ ਡਾ. ਨਰੇਸ਼ ਜਿੰਦਲ ਧੂਰੀ ਦੱਸਦਾ ਹੈ ਅਤੇ ਉਸ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਉਸਨੂੰ 23 ਜੂਨ ਨੂੰ ਘਰ ਤੋਂ ਕੋਵਿਡ ਕੇਅਰ ਸੈਂਟਰ ਘਾਬਦਾ 'ਚ ਭੇਜਿਆ ਗਿਆ ਸੀ, ਜਿੱਥੇ ਮਰੀਜਾਂ ਨਾਲ ਬਹੁਤ ਬੂਰਾ ਸਲੂਕ ਕੀਤਾ ਜਾਂਦਾ ਹੈ।

ਉਸਨੇ ਦੋਸ਼ ਲਾਏ ਹਨ ਕਿ ਸਿਹਤ ਵਿਭਾਗ ਮੁੱਢਲੀਆਂ ਸਹੂਲਤਾਂ ਵੀ ਮਰੀਜਾਂ ਨੂੰ ਮੁਹੱਈਆ ਨਹੀਂ ਕਰਵਾ ਰਿਹਾ ਹੈ। ਉਸਨੇ ਦੋਸ਼ ਲਾਇਆ ਕਿ ਨਾ ਤਾਂ ਮਰੀਜਾਂ ਦੇ ਤਾਪਮਾਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਨਾ ਹੀ ਬੀ.ਪੀ. ਤੇ ਪੁਲਸ ਵਗੈਰਾ ਦੀ  ਜਾਂਚ ਕੀਤੀ ਜਾਂਦੀ ਹੈ ਅਤੇ ਨਾ ਮਾਤਰ ਸਹੂਲਤਾਂ ਹਨ। ਇਸ ਤੋਂ ਇਲਾਵਾ ਉਸਨੇ ਮਿਲਣ ਵਾਲੇ ਖਾਣੇ 'ਤੇ ਸਵਾਲ ਚੁੱਕੇ ਹਨ।ਉਸਨੇ ਦੱਸਿਆ ਕਿ ਜੋ ਸਵੇਰੇ ਉਸਨੂੰ ਖਾਣਾ ਦਿੱਤਾ ਗਿਆ ਉਸ 'ਚ ਮੱਖੀ ਨਿਕਲੀ ਜੋ ਉਹ ਵੀਡੀਓ 'ਚ ਵਿਖਾਉਂਦਾ ਨਜ਼ਰ ਆ ਰਿਹਾ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਾਰੇ ਪ੍ਰਬੰਧ ਵਧੀਆ ਤਰੀਕੇ ਨਾਲ ਕੀਤੇ ਗਏ ਹਨ ਜੋ ਡਾਕਟਰ ਵੱਲੋਂ ਵੀਡੀਓ ਬਣਾਕੇ ਗਲਤ ਬਿਆਨਬਾਜ਼ੀ ਕੀਤੀ ਗਈ ਉਸ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਘਰ ਆਈਸੋਲੇਸ਼ਨ 'ਚ ਸਨ ਪਰ ਇਨ੍ਹਾਂ ਤੋਂ ਇਹ ਲਾਗ ਕਿਸੇ ਘਰ ਦੇ ਹੋਰ ਮੈਂਬਰ ਨੂੰ ਨਾ ਲਗ ਜਾਵੇ ਇਸ ਲਈ ਇਨ੍ਹਾਂ ਨੂੰ ਘਾਬਦਾ ਕੋਵਿਡ ਕੇਅਰ ਸੈਂਟਰ 'ਚ ਸਿਫ਼ਟ ਕੀਤਾ ਗਿਆ ਸੀ ਤੇ ਇਹ ਆਪਣੇ ਘਰ ਜਾਣਾ ਚਾਹੁੰਦੇ ਹਨ ਤੇ ਇਸ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।

Shyna

This news is Content Editor Shyna