ਪੀ.ਆਰ.ਟੀ.ਸੀ. ਬੱਸ ਦੇ ਮੁਲਾਜ਼ਮਾਂ ਅਤੇ ਕਾਲਝਾੜ ਟੋਲ ਪ੍ਰਬੰਧਕਾਂ ''ਚ ਹੋਇਆ ਵਿਵਾਦ

04/20/2018 6:05:49 PM

ਭਵਾਨੀਗੜ੍ਹ (ਵਿਕਾਸ) — ਪਿੰਡ ਕਾਲਾਝਾੜ ਨੇੜੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਟੋਲ ਪਲਾਜ਼ਾ ਤੋਂ ਲੰਘਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੀ.ਆਰ.ਟੀ.ਸੀ. ਬੱਸ ਦੇ ਮੁਲਾਜ਼ਮਾਂ ਅਤੇ ਟੋਲ ਕਰਮਚਾਰੀਆਂ ਵਿਚਕਾਰ ਵਿਵਾਦ ਖੜਾ ਹੋ ਗਿਆ । ਟੋਲ ਪ੍ਰਬੰਧਕਾਂ ਨੇ ਪੀ.ਆਰ.ਟੀ.ਸੀ. ਬੱਸ ਦੇ ਚਾਲਕ ਅਤੇ ਕੰਡਕਟਰ 'ਤੇ ਟੋਲ ਪਲਾਜ਼ਾ ਦੇ ਇਕ ਕਰਮੀ ਦੀ ਗੰਭੀਰ ਕੁੱਟਮਾਰ ਕਰਨ ਅਤੇ ਟੋਲ ਬੂਥ ਦੀ ਭੰਨਤੋੜ ਕਰਨ ਦੇ ਦੋਸ਼ ਲਗਾਏ ਹਨ । ਗੰਭੀਰ ਸੱਟਾਂ ਲੱਗਣ ਕਾਰਨ ਜ਼ਖਮੀ ਟੋਲ ਕਰਮਚਾਰੀ ਨੂੰ ਪਟਿਆਲਾ ਵਿਖੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਅੱਜ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਕਾਲਾਝਾੜ ਟੋਲ ਪਲਾਜ਼ਾ ਦੇ ਪ੍ਰਬੰਧਕ ਧੀਰੇਂਦਰ ਸ਼ੁਕਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਕਰੀਬ ਸੱਤ ਵਜੇ ਸਵੇਰੇ ਪੀ.ਆਰ.ਟੀ.ਸੀ. ਦੀ ਇਕ ਬੱਸ ਫਾਸਟ ਟ੍ਰੈਕ ਤੋਂ ਜਾਣ ਦੀ ਬਜਾਏ ਲੇਨ ਨੰਬਰ ਇਕ 'ਤੇ ਆ ਖੜ੍ਹੀ ਹੋਈ ਤਾਂ ਉਥੇ ਟੋਲ 'ਤੇ ਖੜ੍ਹੇ ਉਨ੍ਹਾਂ ਦੇ ਸੁਪਰਵਾਈਜ਼ਰ ਮਾਨੇਯਜੈਅ ਸਿੰਘ ਨੇ ਬੱਸ ਚਾਲਕ ਨੂੰ ਬੱਸ ਫਾਸਟ ਟ੍ਰੈਕ ਤੋਂ ਲੰਘਾਉਣ ਨੂੰ ਕਿਹਾ ਤਾਂ ਬੱਸ ਦੇ ਮੁਲਾਜ਼ਮ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਉਸ ਨਾਲ ਹਥੋਂ ਪਾਈ 'ਤੇ ਉਤਰ ਆਏ । ਕਰਮਚਾਰੀ ਵਲੋਂ ਵਿਰੋਧ ਕਰਨ 'ਤੇ ਬੱਸ ਮੁਲਾਜ਼ਮਾਂ ਨੇ ਉਸ ਨੂੰ ਭਜਾ-ਭਜਾ ਕੁੱਟਿਆ ਅਤੇ ਬਾਅਦ 'ਚ ਟੋਲ ਦੇ 5 ਨੰਬਰ ਬੂਥ ਦੀ ਭੰਨ ਤੋੜ ਵੀ ਕਰ ਦਿੱਤੀ । ਟੋਲ ਪ੍ਰਬੰਧਕ ਸ਼ੁਕਲਾ ਨੇ ਦੋਸ਼ ਲਾਇਆ ਕਿ ਇਸ ਘਟਨਾਕ੍ਰਮ ਦੌਰਾਨ ਟੋਲ ਬੂਥ ਤੋਂ 7 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਹੋ ਗਈ । ਸ਼ੁਕਲਾ ਨੇ ਦੱਸਿਆ ਕਿ ਟੋਲ ਸੁਪਰਵਾਇਜ਼ਰ ਮਾਨੇਯਜੈਅ ਸਿੰਘ ਨੂੰ ਕੁੱਟਮਾਰ ਦੌਰਾਨ ਸਿਰ ਅਤੇ ਬਾਂਹ 'ਤੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਭਵਾਨੀਗੜ੍ਹ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ । ਟੋਲ ਪ੍ਰਬੰਧਕਾਂ ਨੇ ਦੱਸਿਆ ਕਿ ਕਰਮਚਾਰੀ ਦੀ ਹੋਈ ਕੁੱਟਮਾਰ ਅਤੇ ਕੀਤੀ ਗਈ ਟੋਲ ਦੀ ਤੋੜ ਭੰਨ ਦੀ ਪੂਰੀ ਘਟਨਾ ਟੋਲ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ,ਵੀਡੀਓ ਦੀ ਫੂਟੇਜ ਪੁਲਸ ਨੂੰ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ । ਓਧਰ,ਕਾਲਾਝਾੜ/ਚੰਨੋਂ ਪੁਲਸ ਚੌਂਕੀ ਇੰਚਾਰਜ ਐੱਸ.ਆਈ.ਰਾਜਵੰਤ ਸਿੰਘ ਨੇ ਕਿਹਾ ਜ਼ਖਮੀ ਟੋਲ ਪਲਾਜ਼ਾ ਕਰਮੀ ਦੇ ਬਿਆਨ ਲੈਣ ਉਪਰੰਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।
ਟੋਲ 'ਤੇ ਫਾਸਟ ਟ੍ਰੈਕ ਰਹਿੰਦਾ ਹੈ ਬੰਦ :  ਬੱਸ ਮੁਲਾਜ਼ਮ
ਇਸ ਸਬੰਧੀ ਜਦੋਂ ਉਕਤ ਪੀ.ਆਰ.ਟੀ.ਸੀ. ਬੱਸ ਦੇ ਸਬੰਧਿਤ ਡਰਾਇਵਰ ਸਿਕੰਦਰ ਸਿੰਘ ਅਤੇ ਕੰਡਕਟਰ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਾਲਾਝਾੜ ਟੋਲ ਪਲਾਜ਼ਾ ਤੇ ਬਣੇ ਫਾਸਟ ਟਰੈਕ ਨੂੰ ਟੋਲ ਪ੍ਰਬੰਧਕ ਅਕਸਰ ਹੀ ਢੋਲ ਆਦਿ ਲਗਾ ਕੇ ਬੰਦ ਰੱਖਿਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਅਪਣੀ ਗੱਡੀ ਨਾਲ ਵਾਲੇ ਟ੍ਰੈਕ 'ਚ ਪਾ ਲਈ ਸੀ, ਜਿਸ 'ਤੇ ਟੋਲ ਕਰਮਚਾਰੀ ਵੱਲੋਂ ਟੋਲ ਪਰਚੀ ਕਟਵਾਉਂਣ ਲਈ ਕਹਿਣ ਅਤੇ ਕੰਡਕਟਰ ਨਾਲ ਗਾਲੀ ਗਲੋਚ ਕਰਨ 'ਤੇ ਵਿਵਾਦ ਵੱਧ ਗਿਆ । ਇਸ ਤੋਂ ਇਲਾਵਾ ਇਕ ਹੋਰ ਬੱਸ ਦੇ ਮੁਲਾਜਮ ਨੇ ਦੱਸਿਆ ਕਿ ਉਕਤ ਟੋਲ ਪਲਾਜ਼ਾ 'ਤੇ ਅਕਸਰ ਹੀ ਬੱਸ ਚਾਲਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ।