20 ਪੇਟੀਆਂ ਨਾਜਾਇਜ਼ ਸ਼ਰਾਬ ਤੇ ਭੁੱਕੀ ਸਮੇਤ 4 ਕਾਬੂ

09/19/2018 7:47:01 AM

ਸਮਰਾਲਾ, (ਗਰਗ, ਬੰਗਡ਼)- ਪੁਲਸ ਚੌਕੀ ਬਰਧਾਲਾਂ ਨੇ 2 ਵਿਅਕਤੀਆਂ ਨੂੰ 20 ਪੇਟੀਆਂ ਨਾਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ। ਡੀ. ਐੱਸ. ਪੀ. ਹਰਸਿਮਰਤ ਸਿੰਘ ਤੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਹੇਡੋਂ ਦੇ ਇੰਚਾਰਜ ਥਾਣੇਦਾਰ ਬਲਵੰਤ ਸਿੰਘ  ਪੁਲਸ ਪਾਰਟੀ ਸਮੇਤ ਚੌਕੀ ਦੇ ਸਾਹਮਣੇ ਮੇਨ ਲੁਧਿਆਣਾ-ਚੰਡੀਗਡ਼੍ਹ ਰੋਡ ’ਤੇ ਚੈਕਿੰਗ  ਕਰ  ਰਹੇ ਸਨ ਤਾਂ ਚੰਡੀਗਡ਼੍ਹ ਸਾਈਡ ਵਲੋਂ ਅਾਈ ਕਾਰ ਦੇ ਡਰਾਈਵਰ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਗੱਡੀ ਹੌਲੀ ਕਰਕੇ ਨਾਕੇ ਤੋਂ ਇਕਦਮ ਭਜਾ ਲਈ। 
ਪੁਲਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਤੇ ਗੱਡੀ ਨੂੰ ਹੇਡੋਂ ਟਾਵਰ ਕੋਲ ਆਪਣੀ ਗੱਡੀ ਅੱਗੇ ਲਾ ਕੇ ਰੋਕ ਲਿਆ, ਜਿਸ ’ਤੇ ਪੁਲਸ ਪਾਰਟੀ ਨੇ ਕਾਰ ਦੀ ਤਲਾਸ਼ੀ ਲਈ  ਤਾਂ ਗੱਡੀ ਦੀ ਡਿੱਗੀ ’ਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਪਵਿੱਤਰ ਸਿੰਘ ਤੇ  ਜਸਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਦੋਵੇਂ ਵਾਸੀ ਬਾਲਿਉਂ ਵਜੋਂ ਹੋਈ, ਜਦਕਿ ਇਕ ਦੋਸ਼ੀ ਫਰਾਰ ਹੋ ਗਿਆ, ਜਿਸ ਦੀ ਸ਼ਨਾਖ਼ਤ ਬੰਟੀ ਪਾਲਮਾਜਰਾ ਵਜੋ ਹੋਈ ਹੈ। 
ਚੌਕੀ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਇਸ ਸ਼ਰਾਬ ਦੇ ਮਾਲਕ ਕਥਿਤ ਦੋਸ਼ੀ ਸੋਨੂੰ ਪੰਡਿਤ ਵਾਸੀ ਬਾਲਿਓਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਸੋਨੂੰ ਪੰਡਿਤ ਸ਼ਰਾਬ ਨੂੰ ਗੱਡੀ ’ਚ ਭਰ ਕੇ ਆਪ ਅੱਗੇ–ਅੱਗੇ ਬੱਸ ’ਚ ਸਵਾਰ ਹੋ ਕੇ ਆ ਰਿਹਾ ਸੀ, ਜੋ ਮੌਕੇ ’ਤੇ ਪੁਲਸ ਹੱਥੋਂ ਬਚ ਗਿਆ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਦੋਵੇਂ ਫਰਾਰ ਦੋਸ਼ੀ ਗ੍ਰਿਫ਼ਤਾਰ ਕਰ ਲਏ ਜਾਣਗੇ। 
 ਸਮਰਾਲਾ ਪੁਲਸ ਨੇ 2  ਵਿਅਕਤੀਅਾਂ  ਨੂੰ ਭੁੱਕੀ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਮਨਜੀਤ ਸਿੰਘ ਤੇ ਵਧੀਕ ਐੱਸ. ਐੱਚ. ਓ. ਅਮਰਪਾਲ ਕੌਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਮਰੀਕ ਸਿੰਘ ਵਲੋਂ ਸੂਆ ਪੁਲੀ ਮਾਛੀਵਾਡ਼ਾ ਰੋਡ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਰਾਹਗੀਰਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਕਿ ਇਸੇ ਦੌਰਾਨ ਸਮਰਾਲਾ ਵੱਲ ਨੂੰ ਪੈਦਲ ਤੁਰੇ ਆਉਂਦੇ ਇਕ ਅੌਰਤ ਤੇ ਇਕ ਮਰਦ ਵੇਖੇ ਗਏ। ਇਨ੍ਹਾਂ ਦੋਵਾਂ ਨੇ  ਬੈਗ ਨੂੰ ਦੋਵਾਂ ਪਾਸਿਆਂ ਤੋਂ ਚੁੱਕਿਆ ਹੋਇਆ ਸੀ। ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ 15 ਕਿਲੋ ਭੁੱਕੀ ਬਰਾਮਦ ਕੀਤੀ ਗਈ।  ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਦਿਲਬਾਗ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੋਸੂਵਾਲ ਤੇ ਪਰਮਜੀਤ ਕੌਰ ਪਤਨੀ ਬਸੰਤ ਸਿੰਘ ਵਾਸੀ ਧਰਮੇ ਦੀਆਂ ਛੰਨਾ ਜ਼ਿਲਾ ਜਲੰਧਰ ਵਜੋਂ ਹੋਈ।  ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।