ਵਿਧਾਇਕ ਦੀ ਸਖ਼ਤੀ ਨੇ ਦਿਖਾਇਆ ''ਰੰਗ'', ਸ਼ਿਕਾਇਤ ਮਿਲਣ ਤੋਂ ਬਾਅਦ ਸ਼ੁਰੂ ਹੋਇਆ ਕੰਮ

07/09/2019 12:21:52 PM

ਬਾਘਾਪੁਰਾਣਾ (ਚਟਾਨੀ)—ਸ਼ਹਿਰੀ ਖੇਤਰਾਂ ਅੰਦਰਲੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਵਾਲੇ ਕਾਰਜ ਬਿਨਾਂ ਦੇਰੀ ਚਾਲੂ ਕਰਵਾਉਣ। ਓਧਰ ਤਾਰੇ ਵਾਲੇ ਛੱਪੜ ਦੇ ਨਾਲ-ਨਾਲ ਬਣਨ ਵਾਲੇ ਵੱਡੇ ਨਿਕਾਸੀ ਨਾਲੇ ਦੀ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਵੱਲੋਂ ਵਿਧਾਇਕ ਕੋਲ ਪੁੱਜੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕੌਂਸਲ ਪ੍ਰਧਾਨ ਨੇ ਸਬੰਧਤ ਠੇਕੇਦਾਰ ਦੀ ਕੀਤੀ ਗਈ ਸਖਤ ਖਿਚਾਈ ਨੇ ਵੀ ਪਲਾਂ 'ਚ ਹੀ ਰੰਗ ਦਿਖਾਇਆ।
ਸਬੰਧਤ ਠੇਕੇਦਾਰ ਨੇ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਵੱਡੇ ਨਾਲੇ ਦਾ ਕਾਰਜ ਜੰਗੀ ਪੱਧਰ 'ਤੇ ਆਰੰਭਿਆ। ਵਰਨਣਯੋਗ ਹੈ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਮੁੱਖ ਗੇਟ ਤੋਂ ਲੈ ਕੇ ਖੂਹ ਤੱਕ ਨਿਕਾਸੀ ਨਾਲੇ ਦੇ ਨਿਰਮਾਣ ਵਾਸਤੇ ਸਬੰਧਤ ਬਸਤੀ ਦੇ ਲੋਕ ਅਤੇ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਚਿਰਾਂ ਤੋਂ ਸੰਘਰਸ਼ ਕਰ ਰਹੇ ਸਨ। ਕੌਂਸਲਰ ਜੰਗੀਰ ਸਿੰਘ ਬਰਾੜ ਦੇ ਉੱਦਮ ਸਦਕਾ ਇਸ ਕਾਰਜ ਦਾ 56 ਲੱਖ ਰੁਪਏ ਦਾ ਟੈਂਡਰ ਮਨਜ਼ੂਰ ਹੋ ਗਿਆ ਸੀ ਪਰ ਪਿਛਲੇ ਛੇ ਮਹੀਨਿਆਂ ਤੋਂ ਕਾਰਜ ਆਰੰਭ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ। ਬਸਤੀ ਵਾਸੀਆਂ ਅਤੇ ਕਲੱਬ ਦੇ ਕਾਰਕੁੰਨਾਂ ਨੇ ਵਿਧਾਇਕ ਬਰਾੜ, ਕੌਂਸਲ ਪ੍ਰਧਾਨ ਅਨੂੰ ਮਿੱਤਲ, ਜੰਗੀਰ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਮੁੜ ਅਪੀਲ ਕੀਤੀ ਕਿ ਉਹ ਇਸ ਕਾਰਜ ਨੂੰ ਬੇਰੋਕ ਜਾਰੀ ਰੱਖਣ ਦੀ ਠੇਕੇਦਾਰ ਨੂੰ ਹਦਾਇਤ ਕਰਨ। ਓਧਰ ਕਾਰਜਸਾਧਕ ਅਫਸਰ ਨੇ ਵਿਸਵਾਸ ਦੁਆਇਆ ਕਿ ਇਸ ਕਾਰਜ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।

Shyna

This news is Content Editor Shyna