ਸ਼ਹਿਰ ਨੂੰ ਕੂੜਾ ਰਹਿਤ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ : ਡਿਪਟੀ ਕਮਿਸ਼ਨਰ

08/30/2019 9:54:34 PM

ਮਾਨਸਾ (ਮਿੱਤਲ) : ਸਵੱਛ ਭਾਰਤ ਮਿਸ਼ਨ ਅਧੀਨ 3 ਡੀ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਮਾਨਸਾ ਵੱਲੋਂ ਜਾਗੋ ਕੱਢੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਜਾਗੋ ਦਾ ਮਹਤਵ ਲੋਕਾਂ ਨੂੰ ਪ੍ਰੋਜੈਕਟ 3 ਡੀ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਜਾਗਰੂਕ ਕਰਨਾ ਹੈ। ਇਸ ਮੌਕੇ ਡੇਰਾ ਭਾਈ ਗੁਰਦਾਸ ਤੋਂ ਬਾਬਾ ਅੰਮ੍ਰਿਤ ਮੁਨੀ ਵੀ ਮੌਜੂਦ ਸਨ।
    ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਇਸ ਜਾਗੋ ਨਾਲ ਜੁੜਨ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਕੂੜਾ ਰਹਿਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਮਾਨਸਾ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਕਿ ਸਿਰਫ਼ 5 ਮਹੀਨਿਆਂ ਵਿੱਚ 15 ਵਾਰਡਾਂ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਪੂਰੇ ਸ਼ਹਿਰ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ।
 ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀਆਂ ਜੋ ਰੇਹੜੀਆਂ ਘਰਾਂ ਤੋਂ ਕੂੜਾ ਲੈਣ ਲਈ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ਕੂੜਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕੂੜਾ ਸੜਕਾਂ ’ਤੇ ਨਹੀਂ ਦਿਖੇਗਾ, ਜਿਸ ਕਾਰਨ ਗੰਦਗੀ ਨਹੀਂ ਫੈਲੇਗੀ ਅਤੇ ਅਸੀਂ ਸਾਰੇ ਇਸ ਕੂੜੇ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ। 
    3 ਡੀ ਪ੍ਰੋਜੈਕਟ ਤਹਿਤ ਕੱਢੀ ਗਈ ਇਸ ਜਾਗਰੂਕਤਾ ਜਾਗੋ ਗੁਰਦੁਆਰਾ ਸਾਹਿਬ ਡੂੰਮ ਵਾਲਾ ਤੋਂ ਸ਼ੁਰੂ ਹੋ ਕੇ ਬਾਰ੍ਹਾਂ ਹੱਟਾਂ ਚੋਂਕ ਤੋਂ ਹੁੰਦੀ ਹੋਈ ਗੁਰੂਦੁਆਰਾ ਚੌਂਕ ’ਤੇ ਜਾ ਕੇ ਖ਼ਤਮ ਹੋਈ। ਇਸ ਸਾਰੀ ਜਾਗੋ ਦੌਰਾਨ ਵਲੰਟੀਅਰਾਂ ਨੇ ਹੱਥਾਂ ਵਿੱਚ 3 ਡੀ ਪ੍ਰੋਜੈਕਟ ਅਤੇ ਸਾਫ਼-ਸਫਾਈ ਸਬੰਧੀ ਜਾਗਰੂਕਤਾ ਫੈਲਾਉਣ ਵਾਲੇ ਸਲੋਗਨ ਫੜੇ ਹੋਏ ਹਨ ਅਤੇ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਅਤੇ ਬੋਲੀਆਂ ਰਾਹੀਂ ਲੋਕਾਂ ਨੂੰ ਸਾਫ਼-ਸਫਾਈ ਸਬੰਧੀ ਜਾਗਰੂਕ ਕੀਤਾ ਗਿਆ।  
    ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਮਨਦੀਪ ਸਿੰਘ ਗੋਰਾ, ਸਵੱਛ ਭਾਰਤ ਪ੍ਰੇਰਕ ਸ਼੍ਰੀ ਆਦਿਤਯ ਮਦਾਨ, ਸੈਕਟਰੀ 3 ਡੀ ਸੋਸਾਇਟੀ ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਮਹਿੰਦਰ ਸਿੰਘ, ਮਹੰਤ ਅਮਿ੍ਰਤ ਮੁਨੀ ਜੀ, ਕੋਂਸਲਰ ਜੁਗਰਾਜ ਸਿੰਘ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਮੌਜੂਦ ਸਨ।

Bharat Thapa

This news is Content Editor Bharat Thapa