ਹਸਪਤਾਲ ''ਚ ਬੱਚੇ ਦੀ ਮੌਤ, ਪਰਿਵਾਰ ਵਲੋਂ ਰੋਸ ਪ੍ਰਦਰਸ਼ਨ

11/20/2019 1:38:30 AM

ਰਾਜਪੁਰਾ, (ਨਿਰਦੋਸ਼, ਚਾਵਲਾ)— ਰਾਜਪੁਰਾ ਦੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਵਲੋਂ ਇਲਾਜ 'ਚ ਵਰਤੀ ਗਈ ਕਥਿਤ ਅਣਗਹਿਲੀ ਕਾਰਣ ਨੇੜਲੇ ਪਿੰਡ ਮਾਂਗਪੁਰ ਦੇ 20 ਦਿਨਾਂ ਦੇ ਬੱਚੇ ਦੀ ਮੌਤ ਹੋਣ 'ਤੇ ਰੋਸ 'ਚ ਆਏ ਮਾਪਿਆਂ ਨੇ ਦਿਨੇਸ਼ ਪ੍ਰਾਈਵੇਟ ਹਸਪਤਾਲ ਦੇ ਅੱਗੇ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਪਹੁੰਚੀ ਥਾਣਾ ਸਿਟੀ ਪੁਲਸ ਨੇ ਡਾਕਟਰ ਖਿਲਾਫ ਕਾਰਵਾਈ ਦਾ ਭਰੋਸਾ ਦੇ ਕੇ ਧਰਨਕਾਰੀਆਂ ਨੂੰ ਸ਼ਾਂਤ ਕੀਤਾ।
ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਮਾਂਗਪੁਰ ਦੇ ਵਸਨੀਕ ਬੱਚੇ ਦੇ ਪਿਤਾ ਭੁਪਿੰਦਰ ਸਿੰਘ, ਨੰਬਰਦਾਰ ਹਰਨੇਕ ਸਿੰਘ, ਬਾਬਾ ਸੰਤੋਖ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ ਅਤੇ ਸੰਤੋਖ ਸਿੰਘ ਨੇ ਡਾ. ਦਿਨੇਸ਼ ਬੱਚਿਆਂ ਦੇ ਹਸਪਤਾਲ ਅੱਗੇ ਨਾਅਰੇਬਾਜ਼ੀ ਕਰਦਿਆਂ ਡਾਕਟਰ ਖਿਲਾਫ ਪੁਲਸ ਕਾਰਵਾਈ ਦੀ ਮੰਗ ਕੀਤੀ। ਭੁਪਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਉਨ੍ਹਾਂ ਦਾ 20 ਦਿਨ ਦਾ ਬੱਚਾ ਬੀਮਾਰ ਹੋ ਗਿਆ ਤਾਂ ਉਹ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦਿਨੇਸ਼ ਕੋਲ ਲੈ ਕੇ ਆਏ। ਡਾਕਟਰ ਨੇ ਬਿਨਾਂ ਦੇਰੀ ਕੀਤੇ ਉਨ੍ਹਾਂ ਦੇ ਬੱਚੇ ਨੂੰ ਗੁਲੂਕੋਜ਼ ਲਾਇਆ। ਟੀਕਾ ਲਾ ਕੇ ਦਵਾਈ ਦੇ ਕੇ ਘਰ ਵਾਪਸ ਭੇਜ ਦਿੱਤਾ।
ਡਾਕਟਰ ਨੇ ਕਿਹਾ ਕਿ ਘਰ ਜਾ ਕੇ ਬੱਚੇ ਨੂੰ ਸਟੀਮ ਦਿੱਤੀ ਜਾਵੇ। ਜਦੋਂ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਦਿਸੀ ਤਾਂ ਉਹ ਫਿਰ ਉਕਤ ਹਸਪਤਾਲ ਵਿਚ ਆ ਗਏ। ਡਾਕਟਰ ਨੇ ਬੱਚੇ ਨੂੰ ਦਾਖਲ ਕਰਨ ਦੀ ਥਾਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਜਾਣ ਦੀ ਗੱਲ ਆਖ ਕੇ ਟਾਲ ਦਿੱਤਾ। ਜਦੋਂ ਉਹ ਬੇਵੱਸ ਹੋ ਕੇ ਐਂਬੂਲੈਂਸ ਰਾਹੀਂ ਚੰਡੀਗੜ੍ਹ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਹੋਰ ਪ੍ਰਾਈਵੇਟ ਹਸਪਤਾਲ ਵਿਚ ਜਾਂਚ ਲਈ ਰੁਕੇ। ਉਥੋਂ ਦੇ ਡਾਕਟਰਾਂ ਮੁਤਾਬਕ ਉਨ੍ਹਾਂ ਦੇ ਬੱਚੇ ਦੀ ਤਾਂ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਹੈ। ਇਸ 'ਤੇ ਪੀੜਤਾਂ ਨੇ ਡਾਕਟਰ ਦਿਨੇਸ਼ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਥਾਣਾ ਸਿਟੀ ਐੱਸ. ਐੱਚ. ਓ ਇੰਸਪੈਕਟਰ ਸੁਰਿੰਦਰਪਾਲ ਸਿੰਘ ਸਮੇਤ ਪੁਲਸ ਪਾਰਟੀ ਪਹੁੰਚ ਗਏ। ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਮਾਂਗਪੁਰ ਵਾਸੀਆਂ ਨੂੰ ਡਾਕਟਰ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੇ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਬੱਚੇ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਇਸ ਸਬੰਧੀ ਡਾ. ਦਿਨੇਸ਼ ਨੇ ਉਨ੍ਹਾਂ ਉੱਤੇ ਲਾਏ ਗਏ ਦੋਸ਼ਾਂ ਨੂੰ ਝੂਠ ਅਤੇ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਬੱਚੇ ਦੀ ਹਾਲਤ ਪਹਿਲਾਂ ਹੀ ਖਰਾਬ ਸੀ। ਬੱਚੇ ਨੂੰ ਡਰਾਪਰ ਨਾਲ ਦੁੱਧ ਪਿਆਇਆ ਹੋਣ ਕਰ ਕੇ ਦੁੱਧ ਉਸ ਦੀ ਛਾਤੀ ਵਿਚ ਜੰਮ ਗਿਆ। ਸਾਹ ਲੈਣ ਵਿਚ ਤਕਲੀਫ ਹੋਣ ਕਾਰਣ ਬੱਚੇ ਦੀ ਮੌਤ ਹੋਈ ਹੈ।

KamalJeet Singh

This news is Content Editor KamalJeet Singh