ਨਸ਼ਾ-ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕਰਨ ਲਈ ਪਟਿਆਲਾ ਪੁਲਸ ਸਰਗਰਮ

06/25/2019 11:20:14 AM

ਪਟਿਆਲਾ (ਬਲਜਿੰਦਰ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਲਏ ਸੁਪਨੇ ਨੂੰ ਸਾਕਾਰ ਕਰਨ ਲਈ ਪਟਿਆਲਾ ਪੁਲਸ ਵੀ ਆਪਣੀ ਭੂਮਿਕਾ ਪੂਰੀ ਸਰਗਰਮੀ ਨਾਲ ਨਿਭਾਅ ਰਹੀ ਹੈ। ਇਸ ਤਹਿਤ ਸਾਲ 2019 ਦੇ ਸ਼ੁਰੂ ਤੋਂ ਹੁਣ ਤੱਕ 226 ਮੁਕੱਦਮੇ ਦਰਜ ਕਰ ਕੇ ਨਸ਼ਿਆਂ ਦੇ 276 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਨਸ਼ੇ ਵਾਲੇ ਪਦਾਰਥ ਬਰਾਮਦ ਕਰ ਕੇ ਸਪਲਾਈ ਲਾਈਨ ਤੋੜੀ ਗਈ ਹੈ। 26 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਨਸ਼ਾ-ਵਿਰੋਧੀ ਦਿਵਸ ਦੇ ਮੱਦੇਨਜ਼ਰ ਆਰੰਭੇ ਨਸ਼ਾ ਵਿਰੋਧੀ ਵਿਸ਼ੇਸ਼ ਪੰਦਰਵਾੜੇ ਤਹਿਤ 120 ਜਨਤਕ ਜਾਗਰੂਕਤਾ ਮੀਟਿੰਗਾਂ ਕਰਨ ਦਾ ਵੀ ਟੀਚਾ ਮਿਥਿਆ ਗਿਆ ਸੀ, ਜੋ ਕਿ ਪੂਰਾ ਹੋਣ ਦੇ ਨੇੜੇ ਹੈ। ਇਸ ਦਿਨ ਜ਼ਿਲੇ ਅੰਦਰ 8 ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ। ਨਸ਼ਿਆਂ ਖ਼ਿਲਾਫ਼ ਸਹੁੰ ਚੁਕਾਈ ਜਾਵੇਗੀ।

ਜਾਣਕਾਰੀ ਦਿੰਦਿਆਂ ਪਟਿਆਲਾ ਦੇ ਕਾਰਜਕਾਰੀ ਐੈੱਸ. ਐੈੱਸ. ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਰੰਭੀ ਨਸ਼ਾ-ਵਿਰੋਧੀ ਮੁਹਿੰਮ ਦੇ ਮੱਦੇਨਜ਼ਰ ਜ਼ਿਲੇ ਅੰਦਰ 12 ਜੂਨ ਤੋਂ 26 ਜੂਨ ਤੱਕ ਵਿਸ਼ੇਸ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਜ਼ਿਲੇ 'ਚ ਸਰਕਲ-ਵਾਈਜ਼ ਪਿੰਡਾਂ, ਕਸਬਿਆਂ, ਕਾਲੋਨੀਆਂ 'ਚ ਮੀਟਿੰਗਾਂ ਅਤੇ ਸੈਮੀਨਾਰ ਕੀਤੇ ਜਾ ਰਹੇ ਹਨ। ਇਸ ਪੰਦਰਵਾੜੇ ਦੌਰਾਨ 120 ਮੀਟਿੰਗਾਂ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਡਾ. ਗਰੇਵਾਲ ਨੇ ਦੱਸਿਆ ਕਿ ਇਸ ਦੌਰਾਨ ਆਮ ਲੋਕਾਂ ਨੂੰ ਜਿੱਥੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਜ਼ਿਲੇ ਅੰਦਰ ਸਰਕਾਰੀ ਹਸਪਤਾਲਾਂ 'ਚ ਖੁੱਲ੍ਹੇ 'ਓਟ ਕਲੀਨਿਕਾਂ' ਤੋਂ ਨਸ਼ੇ ਛੱਡਣ ਦੀ ਮੁਫ਼ਤ ਦਵਾਈ ਲੈਣ ਸਮੇਤ ਸਰਕਾਰੀ ਅਤੇ ਮਾਨਤਾ ਪ੍ਰਾਪਤ ਨਿੱਜੀ ਨਸ਼ਾ-ਮੁਕਤੀ ਕੇਂਦਰਾਂ ਦੀਆਂ ਸੇਵਾਵਾਂ ਹਾਸਲ ਕਰਨ ਬਾਰੇ ਵੀ ਦੱਸਿਆ ਜਾ ਰਿਹਾ ਹੈ।

ਇਸੇ ਦੌਰਾਨ ਐੈੱਸ. ਪੀ. ਜਾਂਚ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਆਮ ਲੋਕਾਂ ਨੂੰ ਨਸ਼ਿਆਂ ਦੀ ਸਪਲਾਈ ਬਾਰੇ ਸੁਚੇਤ ਕਰਦਿਆਂ ਅਪੀਲ ਕੀਤੀ ਗਈ ਹੈ ਕਿ ਲੋਕ ਨਸ਼ਾ ਸਮੱਗਲਰਾਂ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ ਤਾਂ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨੱਥ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ, ਕਸਬਿਆਂ ਜਾਂ ਕਲੋਨੀਆਂ 'ਚ ਨਸ਼ੇ ਕਰਨ ਜਾਂ ਵਿਕਣ ਸਬੰਧੀ ਕੋਈ ਮਾਮਲਾ ਧਿਆਨ 'ਚ ਲਿਆਂਦਾ ਗਿਆ, ਉਥੇ ਦੇ ਸਰਕਲ ਅਫਸਰ ਡੀ. ਐੈੱਸ. ਪੀਜ਼, ਥਾਣਿਆਂ ਦੇ ਮੁੱਖ ਅਫਸਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਨ੍ਹਾਂ ਪਿੰਡਾਂ, ਕਸਬਿਆਂ ਅਤੇ ਕਾਲੋਨੀਆਂ 'ਤੇ ਖਾਸ ਨਿਗਰਾਨੀ ਰੱਖੀ ਜਾਵੇ।

ਇਸ ਵਰ੍ਹੇ 226 ਮੁਕੱਦਮੇ ਦਰਜ ਕਰ ਕੇ 276 ਨਸ਼ਾ ਸਮੱਗਲਰ ਕੀਤੇ ਗ੍ਰਿਫ਼ਤਾਰ
ਸ. ਹੁੰਦਲ ਨੇ ਦੱਸਿਆ ਕਿ ਇਸ ਵਰ੍ਹੇ ਹੁਣ ਤੱਕ 226 ਮੁਕੱਦਮੇ ਦਰਜ ਕਰ ਕੇ 276 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 17 ਕਿਲੋ 630 ਗਰਾਮ ਅਫ਼ੀਮ, 12 ਕੁਇੰਟਲ 26 ਕਿਲੋ 500 ਗਰਾਮ ਭੁੱਕੀ, 588 ਗਰਾਮ ਸਮੈਕ, 1 ਕਿਲੋ 185 ਗਰਾਮ ਹੈਰੋਇਨ, 21 ਹਜ਼ਾਰ 8725 ਗੋਲੀਆਂ ਤੇ ਕੈਪਸੂਲ, 5 ਕਿਲੋ 500 ਗਰਾਮ ਚਰਸ, 20 ਲਿਟਰ ਨਸ਼ੇ ਵਾਲਾ ਤਰਲ ਪਦਾਰਥ, 1540 ਨਸ਼ੇ ਵਾਲੀਆਂ ਸ਼ੀਸ਼ੀਆਂ, 193 ਗਰਾਮ ਨਸ਼ੇ ਵਾਲਾ ਪਾਊਡਰ, 33 ਕਿਲੋ 40 ਗਰਾਮ ਗਾਂਜਾ, 633 ਗਰਾਮ ਸੁਲਫਾ, 589 ਨਸ਼ੇ ਵਾਲੇ ਟੀਕੇ, 42 ਕਿਲੋ 500 ਗਰਾਮ ਖਸਖਸ ਦੇ ਪੌਦੇ ਬਰਾਮਦ ਕੀਤੇ ਜਾ ਚੁੱਕੇ ਹਨ।

Shyna

This news is Content Editor Shyna