ਪਸ਼ੂ ਛੱਡਣ ਆਏ ਵਿਅਕਤੀਆਂ ਖਿਲਾਫ ਕਾਰਵਾਈ ਲਈ ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ

02/08/2020 1:30:40 PM

ਚੀਮਾ ਮੰਡੀ (ਗੋਇਲ) : ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਕਸਬਾ ਵਾਸੀਆਂ ਨੇ ਅੱਜ ਸੁਨਾਮ-ਮਾਨਸਾ ਮੇਨ ਰੋਡ ਜਾਮ ਕਰਕੇ ਜ਼ਿਲਾ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਧਰਨੇ 'ਤੇ ਬੈਠੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਸੰਤ ਬਾਬਾ ਅਤਰ ਸਿੰਘ ਜੀ ਯਾਦਗਾਰੀ ਮਾਰਗ 'ਤੇ ਪਿੰਡ ਵਾਸੀ ਆਪਣੀ ਫਸਲ ਦੀ ਰਾਖੀ ਲਈ ਬੈਠੇ ਸਨ। ਇਸ ਦੌਰਾਨ 2 ਗੱਡੀਆਂ ਵਿਚ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਗੱਡੀਆਂ ਵਿਚ ਆਵਾਰਾ ਪਸ਼ੂ ਲੱਦੇ ਹੋਏ ਸਨ, ਜਿਵੇਂ ਹੀ ਇੱਥੇ ਪਸ਼ੂ ਛੱਡਣ ਲੱਗੇ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਪਿੱਛਾ ਕੀਤਾ ਅਤੇ ਇਕ ਗੱਡੀ ਘੇਰ ਲਈ ਪਰ ਗੱਡੀ ਵਿਚ ਸਵਾਰ ਅਣਪਛਾਤੇ ਵਿਅਕਤੀ ਦੌੜਨ ਵਿਚ ਕਾਮਯਾਬ ਹੋ ਗਏ ਅਤੇ ਪਿੰਡ ਵਾਸੀਆਂ ਨੇ ਪਸ਼ੂਆਂ ਨਾਲ ਭਰੀ ਗੱਡੀ ਚੀਮਾ ਪੁਲਸ ਦੇ ਹਵਾਲੇ ਕਰ ਦਿੱਤੀ।

ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਮੇਨ ਰੋਡ ਜਾਮ ਕਰ ਦਿੱਤਾ, ਜਿਸ ਨੂੰ ਦੇਖਦੇ ਹੋਏ ਪੁਲਸ ਥਾਣਾ ਚੀਮਾ ਤੋਂ ਪੰਹੁਚੇ ਪੁਲਸ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ।

cherry

This news is Content Editor cherry