ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਲਾਕਾਰਾਂ ਖਿਲਾਫ ਬਣੇਗਾ ਸਖ਼ਤ ਕਾਨੂੰਨ : ਚੰਨੀ

08/13/2019 10:44:12 PM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਮਾਂ ਤੇ ਗੀਤਾਂ ਰਾਹੀਂ ਪਾਬੰਦੀਸ਼ੁਦਾ ਨਸ਼ਿਆਂ ਨੂੰ ਉਤਸ਼ਾਹਿਤ ਨਾ ਕਰਨ। ਪੰਜਾਬ ਸਰਕਾਰ ਇਸ ਨੂੰ ਠੱਲ੍ਹ ਪਾਉਣ ਲਈ ਜਲਦ ਹੀ ਸਖਤ ਕਾਨੂੰਨ ਵੀ ਲੈ ਕੇ ਆ ਰਹੀ ਹੈ। ਅੱਜ ਉਘੇ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਵਿਸ਼ੇਸ਼ ਤੌਰ 'ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਾਲ ਇਸ ਗੰਭੀਰ ਮਾਮਲੇ ਨੂੰ ਵਿਚਾਰਨ ਲਈ ਮੁਲਾਕਾਤ ਕਰਨ ਪਹੁੰਚੇ, ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। 

ਚੰਨੀ ਨੇ ਇਸ ਮੌਕੇ ਨਸ਼ਿਆਂ ਦੀ ਦਲਦਲ 'ਚ ਧਸੀ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਰੇ ਚਿੰਤਾ ਜਤਾਉਂਦਿਆਂ ਕਿਹਾ ਕਿ ਨਸ਼ਿਆਂ ਨੂੰ ਪੰਜਾਬੀ ਕਲਾਕਾਰਾਂ ਨੇ ਫਿਲਮਾਂ ਤੇ ਗੀਤਾਂ ਰਾਹੀਂ ਬਹੁਤ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਵੱਡਾ ਕਾਰਣ ਹੈ ਕਿ ਨੌਜਵਾਨ ਪੀੜ੍ਹੀ, ਜੋ ਇਨ੍ਹਾਂ ਕਲਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ, ਦੇ ਗੀਤ ਤੇ ਫਿਲਮਾਂ ਦੇਖ ਕੇ ਨਸ਼ਿਆਂ ਵੱਲ ਬਹੁਤ ਜਲਦ ਆਕਰਸ਼ਿਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਹ ਹੋਰ ਵੀ ਜ਼ਰੂਰੀ ਹੈ ਕਿ ਪੰਜਾਬੀ ਕਲਾਕਾਰ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਕੰਮਾ ਵੱਲ ਉਤਸ਼ਾਹਿਤ ਨਾ ਕਰਨ। ਚੰਨੀ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਦੀ ਅਸਲ ਵਧੀਆ ਤਸਵੀਰ ਦੁਨੀਆ ਭਰ ਦੇ ਲੋਕਾਂ ਅੱਗੇ ਪੇਸ਼ ਕਰਨ।

ਇਸ ਮੌਕੇ ਪੰਮੀ ਬਾਈ ਨੇ ਕਿਹਾ ਕਿ ਪੰਜਾਬੀ ਗਾਇਕੀ ਰਾਹੀਂ ਫੈਲਾਏ ਜਾ ਰਹੇ ਸਭਿਆਚਾਰ ਨੂੰ ਦੂਰ ਕਰਨ ਲਈ ਸਖਤ ਕਦਮ ਉਠਾਏ ਜਾਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਪੰਜਾਬੀ ਗੀਤਾਂ ਅਤੇ ਫਿਲਮਾਂ ਰਾਹੀਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਖਿਲਾਫ਼ ਸਖ਼ਤ ਕਦਮ ਉਠਾਉਂਦੀ ਹੈ ਤਾਂ ਉਸ ਦੀ ਉਹ ਪੂਰਨ ਹਮਾਇਤ ਕਰਨਗੇ। ਇਸ ਮੌਕੇ ਪੰਮੀ ਬਾਈ ਨੇ ਪੰਜਾਬੀ ਸਭਿਆਚਾਰ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਖਿਲਾਫ਼ ਲੋਕ-ਲਹਿਰ ਖੜ੍ਹੀ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲੇ ਕਲਾਕਾਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ।