ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਫਿਰੋਜ਼ਪੁਰ ’ਚ ਕੱਢਿਆ ਗਿਆ ਟਰੈਕਟਰ ਮਾਰਚ

01/06/2021 3:10:49 PM

ਫਿਰੋਜ਼ਪੁਰ (ਕੁਮਾਰ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਫਿਰੋਜ਼ਪੁਰ ’ਚ ਜ਼ਬਰਦਸਤ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ’ਤੇ ਕਿਸਾਨ ਸੰਗਠਨਾਂ ਅਤੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਨੂੰਨ ਕਿਸਾਨੀ ਅਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲ ਹਨ ਅਤੇ ਕਿਸੇ ਵੀ ਹਾਲਤ ’ਚ ਕਿਸਾਨ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ। ਕਿਸਾਨ ਮਜ਼ਦੂਰਾਂ ਨੇ ਇਹ ਮੰਗ ਕੀਤੀ ਕਿ ਇਹ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ। 

ਸਮਾਜ ਸੇਵੀ ਅਤੇ ਕਿਸਾਨ ਆਗੂ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਲੜਾਈ ਲੜਦੇ-ਲੜਦੇ ਹੁਣ ਤੱਕ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੜਾਕੇ ਦੀ ਠੰਡ ਦੌਰਾਨ ਕਿਸਾਨ ਆਪਣੇ ਪਰਿਵਾਰਾਂ ਨਾਲ ਸੜਕਾਂ ’ਤੇ ਬੈਠੇ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ’ਤੇ ਇਸਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਦੋਂ ਤੱਕ ਦੇਸ਼ ਭਰ ’ਚ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।

 

ਇਸ ਮੌਕੇ ’ਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕਿਸਾਨ ਮਜਦੂਰ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਇਹ ਟਰੈਕਟਰ ਮਾਰਚ ਫਿਰੋਜ਼ਪੁਰ ਛਾਉਣੀ ਦੇ ਗੁਰਦੁਆਰਾ ਸਾਰਾਗੜੀ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਡੀ.ਸੀ. ਦਫਤਰ, ਬਸਤੀ ਟੈਕਾਂ ਵਾਲੀ, ਗੋਬਿੰਦ ਨਗਰੀ, ਬਾਬਾ ਨਾਮਦੇਵ ਚੌਂਕ ਤੋਂ ਹੁੰਦਾ ਹੋਇਆ ਸ਼ਹੀਦ ਉਧਮ ਸਿੰਘ ਚੌਂਕ ਫਿਰੋਜ਼ਪੁਰ ਸ਼ਹਿਰ ਵਿਚ ਸਮਾਪਤ ਹੋਇਆ। ਇਸ ਮੌਕੇ ’ਤੇ ਕਿਸਾਨ ਮਜਦੂਰਾਂ ਨੇ ਸ਼ਹੀਦ-ਏ-ਆਜਮ ਸ: ਉਧਮ ਸਿੰਘ ਦੀ ਪ੍ਰਤਿਮਾ ’ਤੇ ਫੁੱਲ ਮਾਲਾ ਭੇਂਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਸਾਨੀ ਸੰਘਰਸ਼ ਦੀ ਸਫਲਤਾ ਦੇ ਲਈ ਅਰਦਾਸ ਕੀਤੀ। 

Shyna

This news is Content Editor Shyna