ਕਾਰ ''ਚ ਮਿਊਜ਼ਿਕ ਉੱਚੀ ਵਜਾਉਣ ਤੋਂ ਰੋਕਿਆ ਤਾਂ ਪੁਲਸ ਕਰਮਚਾਰੀ ਨਾਲ ਕੀਤੀ ਕੁੱਟ-ਮਾਰ

03/24/2019 11:42:37 PM

ਚੰਡੀਗੜ੍ਹ(ਸੰਦੀਪ)- ਸੈਕਟਰ-28 ਦੀ ਪਾਰਕਿੰਗ 'ਚ ਆਪਣੀ ਕਾਰ ਖੜ੍ਹੀ ਕਰ ਕੇ ਤੇਜ਼ ਆਵਾਜ਼ 'ਚ ਮਿਊਜ਼ਿਕ ਵਜਾਉਣ ਵਾਲੇ ਨੌਜਵਾਨ ਦਾ ਵਿਰੋਧ ਕਰਨਾ ਉਥੇ ਪੀ. ਸੀ. ਆਰ. ਕਰਮਚਾਰੀ ਨੂੰ ਮਹਿੰਗਾ ਪੈ ਗਿਆ। ਕਾਰ 'ਚ ਬੈਠੇ ਨੌਜਵਾਨ ਨੇ ਪੁਲਸ ਕਰਮਚਾਰੀ ਨਾਲ ਕੁੱਟ-ਮਾਰ ਕਰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਸੈਕਟਰ-28 ਬੀਟ ਇੰਚਾਰਜ ਹੈੱਡ ਕਾਂਸਟੇਬਲ ਕਰਮਬੀਰ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ ਇਕ ਨੌਜਵਾਨ ਨੇ ਸੈਕਟਰ-28 ਸਥਿਤ ਪਾਰਕਿੰਗ 'ਚ ਆਪਣੀ ਕਾਰ ਖੜ੍ਹੀ ਕਰ ਕੇ ਕਾਰ ਦਾ ਮਿਊਜ਼ਿਕ ਸਿਸਟਮ ਉੱਚੀ ਆਵਾਜ਼ 'ਤੇ ਚਲਾਇਆ ਹੋਇਆ ਸੀ। ਇਸ ਕਾਰਨ ਉੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਕੁਝ ਲੋਕਾਂ ਨੇ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਮਿਊਜ਼ਿਕ ਸਿਸਟਮ ਬੰਦ ਕਰਨ ਦੀ ਥਾਂ ਲੋਕਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਗੱਲ ਇਸ ਹੱਦ ਤਕ ਵਧ ਗਈ ਕਿ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਕੰਟ੍ਰੋਲ ਰੂਮ 'ਚ ਦਿੱਤੀ। ਸੂਚਨਾ ਮਿਲਦਿਆਂ ਹੀ ਪੀ. ਸੀ. ਆਰ. ਮੌਕੇ 'ਤੇ ਪਹੁੰਚੀ।
ਮੌਕੇ 'ਤੇ ਪੁੱਜੇ ਬੀਟ ਇੰਚਾਰਜ ਨਾਲ ਵੀ ਕੀਤੀ ਬਹਿਸ
ਜਦੋਂ ਪੁਲਸ ਕਰਮਚਾਰੀ ਸੋਨੂ ਨੇ ਕਾਰ 'ਚ ਬੈਠੇ ਨੌਜਵਾਨ ਨੂੰ ਕਾਰ ਦਾ ਮਿਊਜ਼ਿਕ ਸਿਸਟਮ ਬੰਦ ਕਰਨ ਲਈ ਕਿਹਾ ਤਾਂ ਉਸ ਨੇ ਸੋਨੂੰ ਨਾਲ ਬਹਿਸ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਨੌਜਵਾਨ ਨੇ ਕਾਰ 'ਚੋਂ ਬਾਹਰ ਨਿਕਲ ਕੇ ਸੋਨੂੰ ਨਾਲ ਕੁੱਟ-ਮਾਰ ਕਰ ਦਿੱਤੀ, ਜਿਸ 'ਤੇ ਸੋਨੂੰ ਨੇ ਪੁਲਸ ਕੰਟ੍ਰੋਲ ਰੂਮ 'ਤੇ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹੀ ਸੈਕਟਰ-28 ਬੀਟ ਇੰਚਾਰਜ ਹੈੱਡ ਕਾਂਸਟੇਬਲ ਕਰਮਬੀਰ ਸਿੰਘ ਮੌਕੇ 'ਤੇ ਪੁੱਜੇ। ਇਸ ਤੋਂ ਬਾਅਦ ਉਸ ਨੌਜਵਾਨ ਨੇ ਉਨ੍ਹਾਂ ਨਾਲ ਵੀ ਗਲਤ ਵਿਵਹਾਰ ਸ਼ੁਰੂ ਕਰ ਦਿੱਤਾ। ਕਰਮਬੀਰ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਹਿਮਾਚਲ ਸਥਿਤ ਹਮੀਰਪੁਰ ਨਿਵਾਸੀ ਰੋਹਿਤ ਪਟਿਆਲ ਵਜੋਂ ਹੋਈ ਹੈ, ਜੋ ਬੱਦੀ ਦੀ ਪ੍ਰਾਈਵੇਟ ਕੰਪਨੀ 'ਚ ਮੈਨੇਜਰ ਹੈ।

satpal klair

This news is Content Editor satpal klair