ਝੂਠਾਂ ਦੀ ਪੋਲ ਖੁੱਲ੍ਹਣ ਮਗਰੋਂ ਮੁੱਖ ਮੰਤਰੀ ਦੀ ਹਾਲਤ ਹਾਰੇ ਵਿਅਕਤੀ ਵਰਗੀ: ਮਜੀਠੀਆ

09/17/2019 11:57:12 PM

ਚੰਡੀਗੜ੍ਹ,(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ 'ਝੂਠ ਦਾ ਪੁਲੰਦਾ' ਸਾਬਿਤ ਮਗਰੋਂ ਹੁਣ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਹਾਰੇ ਹੋਏ ਵਿਅਕਤੀਆਂ ਵਾਂਗ ਪੇਸ਼ ਆ ਰਹੇ ਹਨ ਤੇ ਉਚੀ-ਉਚੀ ਰੌਲਾ ਪਾ ਕੇ ਆਪਣੇ ਝੂਠੇ ਵਾਅਦਿਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਖਾਧੀਆਂ ਝੂਠੀਆਂ ਕਸਮਾਂ ਨਾਲ ਦੁਬਾਰਾ ਤੋਂ ਪੰਜਾਬੀਆਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲੀ ਦਲ ਵਲੋਂ ਲਾਏ ਦੋਸ਼ਾਂ ਦਾ ਜੁਆਬ ਦੇਣਾ ਚਾਹੀਦਾ ਸੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਸਕੀਮਾਂ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਣਾ ਕੇ ਕਿਉਂ ਪੇਸ਼ ਕਰ ਰਿਹਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਭੰਬਲਭੂਸੇ ਅਤੇ ਅਗਿਆਨਤਾ ਕਰਕੇ ਆਪਣੀ ਸਰਕਾਰ ਦੀ ਇਕ ਵੀ ਵੱਡੀ ਪ੍ਰਾਪਤੀ ਗਿਣਾਉਣ 'ਚ ਨਾਕਾਮ ਹੋ ਸਕਦਾ ਹੈ, ਪਰ ਅਸੀਂ ਫਖ਼ਰ ਨਾਲ ਕਹਿੰਦੇ ਹਾਂ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਵਿਕਾਸ ਦੀ ਲਹਿਰ ਲਿਆਂਦੀ ਸੀ, ਜਿਸ ਦੌਰਾਨ ਪੰਜਾਬ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਸੀ ਅਤੇ ਕਾਂਗਰਸੀ ਹਕੂਮਤ ਆਉਣ ਮਗਰੋਂ ਇਹ ਰਾਸ਼ਟਰੀ ਰੈਂਕਿੰਗ 'ਚ ਕਾਫੀ ਥੱਲੇ ਆ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਇਕ ਪ੍ਰਾਪਤੀ ਵਾਸਤੇ ਕਹਿ ਰਹੇ ਹੋ ਮੈਂ 20 ਗਿਣਾ ਸਕਦਾ ਹਾਂ। ਅਕਾਲੀ-ਭਾਜਪਾ ਨੇ ਪੰਜਾਬ ਨੂੰ ਸਰਪਲੱਸ ਬਿਜਲੀ ਵਾਲਾ ਸੂਬਾ ਬਣਾਇਆ। ਬਠਿੰਡਾ 'ਚ ਰਿਫਾਈਨਰੀ ਲਿਆਂਦੀ, ਜਿਸ ਦਾ ਤੁਸੀਂ ਵਿਰੋਧ ਕੀਤਾ ਸੀ। ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਅੰਦਰ ਬਠਿੰਡਾ, ਲੁਧਿਆਣਾ, ਮੋਹਾਲੀ, ਆਦਮਪੁਰ ਅਤੇ ਪਠਾਨਕੋਟ ਵਿਖੇ ਹਵਾਈ ਅੱਡੇ ਬਣਾਉਣ ਸਮੇਤ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰ ਦਿੱਤੀ। ਜਿਸ ਤਹਿਤ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 1369 ਕਿਲੋਮੀਟਰ ਫਾਸਲੇ ਤਕ 17 ਚਾਰ ਅਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ।