ਨੌਜਵਾਨਾਂ ਦੇ ਸਿਦਕ ਨੂੰ ਸਲਾਮ, ਲਸੂੜੇ ਦੀ ਖੇਤੀ ਕਰ ਕਮਾ ਰਹੇ ਲੱਖਾਂ, ਸਰਕਾਰ ਨੂੰ ਕੀਤੀ ਇਹ ਫ਼ਰਿਆਦ

05/14/2021 2:17:22 PM

ਤਲਵੰਡੀ ਸਾਬੋ (ਮਨੀਸ਼ ਗਰਗ)-ਅੱਜ ਦੇ ਨੌਜਵਾਨਾਂ ’ਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਪਰ ਸਬ-ਡਵੀਜ਼ਨ ਮੌੜ ਮੰਡੀ ਦੇ ਪਿੰਡ ਬੁਰਜ ਦੇ ਨੌਜਵਾਨ ਹੋਰਨਾਂ ਨੌਜਵਾਨਾਂ ਲਈ ਮਿਸਾਲ ਬਣ ਰਹੇ ਹਨ, ਜੋ ਆਪਣੀ ਧਰਤੀ ’ਤੇ ਰਹਿ ਕੇ ਇੱਕ ਵੱਖਰੀ ਤਰ੍ਹਾਂ ਦੀ ਲਸੂੜੇ ਦੀ ਖੇਤੀ ਕਰ ਕੇ ਚੰਗਾ ਮੁਨਾਫਾ ਕਮਾ ਰਹੇ ਹਨ ਪਰ ਇਸ ਵਾਰ ਕੋਰੋਨਾ ਮਹਾਮਾਰੀ ਇਨ੍ਹਾਂ ਲਈ ਵੀ ਮੁਸ਼ਕਿਲ ਦਾ ਸਬੱਬ ਬਣੀ ਹੋਈ ਹੈ। ਪ੍ਰੇਸ਼ਾਨ ਨੌਜਵਾਨ ਹੁਣ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਪੰਜਾਬ ਦੇ ਨਾਲ-ਨਾਲ ਕੇਂਦਰ ਸਰਕਾਰਾਂ ਵੀ ਕਿਸਾਨਾਂ ਨੂੰ ਫਸਲੀ ਚੱਕਰ ’ਚੋਂ ਨਿਕਲ ਕੇ ਖੇਤੀ ਵਿਭਿੰਨਤਾ ਅਪਣਾਉਣ ਦਾ ਸੁਨੇਹਾ ਦਿੰਦੀਆਂ ਹਨ ਪਰ ਸਰਕਾਰਾਂ ਵੱਲੋਂ ਇਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ।

ਸਬ-ਡਵੀਜ਼ਨ ਮੌੜ ਮੰਡੀ ਦੇ ਅਗਾਂਹਵਧੂ ਕਿਸਾਨਾਂ ਨੇ ਵੱਖਰੀ ਖੇਤੀ ਕਰਦਿਆਂ ਲਸੂੜੇ ਦੇ ਬਾਗ ਲਗਾਏ ਹਨ, ਭਾਵੇਂ ਕਿ ਲਸੂੜੇ ਦੀ ਪੰਜਾਬ ’ਚ ਵਿਕਰੀ ਨਹੀਂ ਹੁੰਦੀ ਪਰ ਰਾਜਸਥਾਨ ’ਚ ਇਸ ਦਾ ਚੰਗਾ ਮੁੱਲ ਮਿਲਦਾ ਹੈ। ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਸੂੜੇ ਦਾ ਬਾਗ ਕਰੀਬ ਤਿੰਨ ਸਾਲ ਬਾਅਦ ਫਲ ਦੇਣ ਲੱਗ ਜਾਂਦਾ ਹੈ ਤੇ ਇੱਕ ਏਕੜ ਬਾਗ ’ਚੋਂ ਢਾਈ ਤੋਂ ਤਿੰਨ ਲੱਖ ਤੱਕ ਦੀ ਫਸਲ ਨਿਕਲ ਜਾਂਦੀ ਹੈ। ਸਭ ਤੋਂ ਪਹਿਲਾਂ ਕੁਲਵਿੰਦਰ ਸਿੰਘ ਨੇ ਲਸੂੜਿਆਂ ਦਾ ਬਾਗ ਲਾਇਆ ਸੀ। ਉਨ੍ਹਾਂ ਦੱਸਿਆ ਕਿ ਉਹ  ਰਾਜਸਥਾਨ ’ਚ ਇਸ ਦੀ ਫਸਲ ਵੇਚ ਕੇ ਚੰਗਾ ਮੁਨਾਫਾ ਕਮਾ ਲੈਂਦੇ ਹਨ। ਪਿੰਡ ਬੁਰਜ ਦੇ ਹੀ ਨੌਜਵਾਨ ਐਡਵੋਕੇਟ ਅਰਨਦੀਪ ਸਿੰਘ ਨੇ ਵੀ ਲਸੂੜੇ ਦਾ ਬਾਗ ਲਾਇਆ ਹੋਇਆ ਹੈ।

ਅਰਨਦੀਪ ਦਾ ਕਹਿਣਾ ਹੈ ਕਿ ਇਸ ’ਚ ਬਹੁਤੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਤੇ ਨਾ ਹੀ ਇਸ ਨੂੰ ਕੋਈ ਬਹੁਤੀ ਰੇਅ ਜਾਂ ਸਪਰੇਅ ਦੀ ਜ਼ਰੂਰਤ ਪੈਂਦੀ ਹੈ। ਲਸੂੜੇ ਦੇ ਦਰੱਖਤਾਂ ’ਤੇ ਫਰਵਰੀ ਮਹੀਨੇ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਜੂਨ ਮਹੀਨੇ ਤੱਕ ਫਸਲ ਤਿਆਰ ਹੋ ਕੇ ਟੁੱਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ’ਚ ਤਾਂ ਇਸ ਦੀ ਮੰਗ ਨਹੀਂ ਹੈ ਪਰ ਰਾਜਸਥਾਨ ਦੀਆਂ ਮੰਡੀਆਂ ’ਚ ਇਸ ਦੀ ਬਹੁਤ ਮੰਗ ਹੈ। ਰਾਜਸਥਾਨ ’ਚ ਇਸ ਦਾ ਅਚਾਰ ਪੈਂਦਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਰਾਜਸਥਾਨ  ’ਚ ਲਾਕਡਾਊਨ ਕਾਰਨ ਹੁਣ ਉਨ੍ਹਾਂ ਦੀ ਫਸਲ ਨਹੀਂ ਵੇਚ ਹੁੰਦੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਘਾਟਾ ਪੈ ਰਿਹਾ। ਸਰਕਾਰ ਨੂੰ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

Manoj

This news is Content Editor Manoj