ਬੁਲੇਟ ਤੋਂ ਪਟਾਕੇ ਵਜਾਉਣ ਵਾਲਿਆਂ ਸਾਹਮਣੇ ਪੁਲਸ ਬੇਵੱਸ

12/31/2019 11:11:03 AM

ਮੋਗਾ (ਸੰਜੀਵ): ਬੀਤੇ ਕੁੱਝ ਸਾਲਾਂ 'ਚ ਬੁਲੇਟ ਮੋਟਰਸਾਈਕਲ ਦੇ ਕ੍ਰੇਜ਼ 'ਚ ਇਸ ਕਦਰ ਵਾਧਾ ਹੋਇਆ ਕਿ ਜ਼ਿਆਦਾਤਰ ਨੌਜਵਾਨ ਇਸ ਨੂੰ ਖਰੀਦਣਾ ਆਪਣਾ ਸਟੇਟਸ ਸਿੰਬਲ ਸਮਝਣ ਲੱਗੇ ਹਨ। ਉਹੀ ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਦਾ ਕ੍ਰੇਜ਼ ਵੀ ਨੌਜਵਾਨਾਂ 'ਚ ਵੱਧਦਾ ਜਾ ਰਿਹਾ ਹੈ, ਜਿਸ 'ਤੇ ਕਾਬੂ ਪਾਉਣ 'ਚ ਪੁਲਸ ਵੀ ਬੇਵੱਸ ਹੈ। ਕੁੱਝ ਦਿਨ ਪਹਿਲਾਂ ਹੀ ਪਿੰਡ ਘੱਲ ਕਲਾਂ ਰੋਡ 'ਤੇ ਇਕ ਬੁਲੇਟ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਵੀ ਪਟਾਕੇ ਪਾਉਣ ਦਾ ਯਤਨ ਕੀਤਾ ਤਾਂ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਦੋਨੋਂ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ ਸਨ, ਇਕ ਲੜਕੇ ਦੀ ਲੁਧਿਆਣਾ ਡੀ. ਐੱਮ. ਸੀ. 'ਚ ਮੌਤ ਹੋ ਗਈ ਸੀ। ਪੁਲਸ ਨੇ ਨਵੰਬਰ ਤੋਂ ਲੈ ਕੇ ਦਸੰਬਰ ਮਹੀਨੇ ਤੱਕ ਪਟਾਕੇ ਵਜਾਉਣ ਵਾਲਿਆਂ ਦੇ 12 ਚਲਾਨ ਕੱਟੇ ਹਨ, ਜਦਕਿ ਤੇਜ਼ ਰਫਤਾਰ ਦੇ ਮਾਮਲੇ 'ਚ 15 ਚਲਾਨ ਕੱਟੇ ਗਏ ਹਨ। ਪਰੈਸ਼ਰ ਹਾਰਨ ਲੱਗੇ ਵਾਹਨਾਂ ਦੇ 40 ਚਲਾਨ ਕੱਟੇ ਗਏ ਹਨ।

ਪਟਾਕਿਆਂ ਦੀ ਆਵਾਜ਼ ਦਿਲ ਦੇ ਮਰੀਜ਼ਾਂ ਲਈ ਖਤਰਨਾਕ ਹੈ। ਇਸ ਮੋਟਰਸਾਈਕਲ ਦੇ ਪਟਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਡਰਾਈਵ ਕਰ ਰਿਹਾ ਕੋਈ ਵੀ ਹੋਰ ਚਾਲਕ ਡਰ ਕੇ ਡਿੱਗ ਸਕਦਾ ਹੈ , ਜਿਸ ਕਾਰਣ ਹੋਰ ਸੜਕ ਹਾਦਸੇ ਹੋ ਸਕਦੇ ਹਨ। –ਡਾ. ਸੰਦੀਪ ਗਰਗ
ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਲੱਗਿਆਂ ਇਸ ਨੂੰ ਕਦੇ ਵੀ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਪੈਟਰੋਲ ਹੋਣ ਕਾਰਣ ਪਟਾਕੇ ਵਜਾਉਣ ਨਾਲ ਕਦੇ ਵੀ ਮੋਟਰਸਾਈਕਲ 'ਚ ਧਮਾਕਾ ਹੋ ਸਕਦਾ ਹੈ। ਵਰਤਮਾਨ ਸਮੇਂ 'ਚ ਨਵੇਂ ਤਰੀਕੇ ਦੇ ਅਨੁਸਾਰ ਸਾਇਲੈਂਸਰ ਹੀ ਬਦਲ ਦਿੱਤਾ ਜਾਂਦਾ ਹੈ ਅਤੇ ਖਾਲੀ ਸਾਇਲੈਂਸਰ ਲਾ ਦਿੱਤਾ ਜਾਂਦਾ ਹੈ ਪਰ ਅੱਗ ਲੱਗਣ ਦਾ ਖਤਰਾ ਬਰਕਰਾਰ ਰਹਿੰਦਾ ਹੈ। –ਕਾਲਾ ਸਿੰਘ ਮਕੈਨਿਕ

ਮੋਟਰਸਾਈਕਲ 'ਤੇ ਟ੍ਰਿਪਲ ਸਵਾਰੀ ਜਾਂ ਬਿਨਾਂ ਹੈਲਮੇਟ, ਚਾਰ ਪਹੀਆ ਵਾਹਨ 'ਤੇ ਬਿਨਾਂ ਸੀਟ ਬੈਲਟ ਦੇ ਲਗਾਤਾਰ ਚਲਾਨ ਕੱਟਣ ਦਾ ਕੰਮ ਜਾਰੀ ਹੈ ਅਤੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਚਲਾਉਣ ਵਾਲਿਆਂ ਦੇ ਨਾਲ ਸਖਤੀ ਵਰਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। –ਟਰੈਫਿਕ ਇੰਚਾਰਜ ਦਿਲਬਾਗ ਸਿੰਘ

Shyna

This news is Content Editor Shyna