ਰਿਸ਼ਵਤਖੋਰੀ ਦੇ ਦੋਸ਼ ''ਚ ਵਿਜੀਲੈਂਸ ਵਿਭਾਗ ਨੇ ASI ਕੀਤਾ ਗ੍ਰਿਫਤਾਰ

09/17/2018 11:10:35 PM

ਲੁਧਿਆਣਾ,(ਮਹੇਸ਼)— ਵਿਜੀਲੈਂਸ ਵਿਭਾਗ ਨੇ ਜਗਤਪੁਰੀ ਚੌਕੀ 'ਚ ਤਾਇਨਾਤ ਏ. ਐੱਸ. ਆਈ. ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ। ਗੁਰਬਿੰਦਰ ਸਿੰਘ ਸੋਮਵਾਰ ਨੂੰ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀ ਵਿਜੀਲੈਂਸ ਦੇ ਹੱਥੇ ਚੜ ਗਿਆ। ਏ. ਐੱਸ. ਆਈ. ਗੁਰਬਿੰਦਰ ਸਿੰਘ ਨੇ ਇਹ ਰਕਮ ਇਕ ਦਰਜ ਮਾਮਲੇ 'ਚ ਨਾਮਜ਼ਦ ਕੀਤੇ ਗਏ ਦੋਸ਼ੀਆਂ ਦੀ ਅਦਾਲਤ ਤੋਂ ਜ਼ਮਾਨਤ ਪਟੀਸ਼ਨ ਰੱਦ ਕਰਵਾਉਣ ਦੀ ਬਦਲੇ ਲਏ ਸੀ। ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਅਧਿਨਿਯਮ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਵਿਜੀਲੈਂਸ ਰੁਪਿੰਦਰ ਸਿੰਘ ਨੇ ਦੱਸਿਆ ਕਿ ਜੱਸੀਆਂ ਰੋਡ ਤਰਸੇਮ ਕਲੋਨੀ ਦੇ ਰਹਿਣ ਵਾਲੇ ਕੇਤਨ ਚੋਪੜਾ ਦੀ ਭੈਣ ਯਸ਼ਿਕਾ ਚੋਪੜਾ ਨੇ 16 ਅਗਸਤ ਨੂੰ ਅਪਰਾਧਿਕ ਮਾਮਲਾ ਦਰਜ ਕਰਵਾਇਆ ਸੀ। ਜਿਸ ਵਿਚ ਨਾਮਜ਼ਦ ਦੋਸ਼ੀਆਂ ਨੇ ਅਦਾਲਤ 'ਚ ਜ਼ਮਾਨਤ ਪਟੀਸ਼ਨਾਂ ਦਰਜ ਕੀਤੀਆਂ ਸਨ, ਜਿਨ੍ਹਾਂ ਨੂੰ ਰੱਦ ਕਰਵਾਉਣ ਦੇ ਬਦਲੇ 'ਚ ਏ. ਐੱਸ. ਆਈ ਗੁਰਬਿੰਦਰ ਸਿੰਘ ਨੇ ਕੇਤਨ ਦੇ ਪਿਤਾ ਲਵਕੇਸ਼ ਤੋਂ 15000 ਰੁਪਏ ਰਿਸ਼ਵਤ ਮੰਗੀ ਸੀ।
ਸ਼ਿਕਾਇਤ ਕਰਤਾ ਅਤੇ ਉਸ ਦੇ ਪਿਤਾ ਨੇ ਇੰਨੀ ਵੱਡੀ ਰਕਮ ਦੇਣ 'ਚ ਅਸਮਰੱਥਾ ਜਤਾਈ। ਕਾਫੀ ਮਿੰਨਤਾਂ ਕਰਨ ਦੇ ਬਾਅਦ ਦੋਸ਼ੀ 3000 ਰੁਪਏ ਲੈਣ 'ਤੇ ਮੰਨ ਗਿਆ। ਇਸ ਦੌਰਾਨ ਕੇਤਨ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਦੇ ਕੋਲ ਕਰ ਦਿੱਤੀ, ਜਿਸ ਦੌਰਾਨ ਦੋਸ਼ੀ ਨੂੰ ਰੰਗੇ ਹੱਥੀਂ ਫੜਨ ਦੇ ਲਈ ਇੰਸਪੈਕਟਰ ਰਜਿੰਦਰ ਸਹੋਤਾ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਨੇ ਬਹੁਤ ਹੀ ਨਾਟਕੀ ਢੰਗ ਅਤੇ ਹੁਸ਼ਿਆਰੀ ਨਾਲ ਦੋਸ਼ੀ ਨੂੰ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਗ੍ਰਿਫਤਾਰ ਕਰ ਲਿਆ। ਰੁਪਿੰਦਰ ਨੇ ਦੱਸਿਆ ਕਿ ਦੋਸ਼ੀ ਦੀ ਚੱਲ ਅਚਲ ਸਮਪੱਤੀ ਦੀ ਛਾਣਬੀਨ ਕੀਤੀ ਜਾ ਰਹੀ ਹੈ।