ਫਿਰੋਜ਼ਪੁਰ ਦੇ ਸਰਹੱਦੀ ਪਿੰਡ ’ਚ ਸੀ.ਆਈ.ਏ. ਪੁਲਸ ਦੀ ਰੇਡ, 15 ਹਜ਼ਾਰ ਲੀਟਰ ਲਾਹਣ ਬਰਾਮਦ

01/18/2021 12:34:44 PM

ਫਿਰੋਜ਼ਪੁਰ(ਕੁਮਾਰ): ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਏ.ਐੱਸ.ਆਈ. ਜਸਪਾਲ ਸਿੰਘ ਦੀ ਅਗਵਾਈ ਹੇਠ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂ ਵਾਲੇ ਝੁੱਗੇ ਦੇ ਏਰੀਆ ’ਚ ਰੇਡ ਕਰਦੇ ਹੋਏ 15 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ।  ਇਹ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੇ ਇੰਚਾਰਜ਼ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਏ.ਐੱਸ.ਆਈ. ਜਸਪਾਲ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਕੁਲਵੰਤ ਸਿੰਘ, ਮੇਜਰ ਸਿੰਘ, ਭਜਨ ਸਿੰਘ ਅਤੇ ਰਾਜੂ ਨਾਮ ਦੇ ਵਿਅਕਤੀ ਨਾਜਾਇਜ਼ ਸ਼ਰਾਬ ਕੱਢਣ ਤੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਸਮੇਂ ਪਿੰਡ ਕਾਲੂ ਵਾਲਾ ਝੁੱਗੇ ’ਚ ਸਰਕੰਡਿਆਂ ਦੇ ’ਚ ਪਲਾਸਟਿਕ ਦੀਆਂ ਤਰਪਾਲਾਂ ’ਚ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਜਦ ਏ.ਐੱਸ.ਆਈ. ਜਸਪਾਲ ਸਿੰਘ ਨੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਦੱਸੀ ਗਈ ਜਗ੍ਹਾ ’ਤੇ ਰੇਡ ਕੀਤੀ ਤਾਂ ਉਥੇ ਪੁਲਸ ਨੂੰ ਤਰਪਾਲਾਂ ’ਚ ਤਿਆਰ ਕੀਤੀ ਜਾ ਰਹੀ 15 ਹਜ਼ਾਰ ਲੀਟਰ ਲਾਹਣ ਮਿਲੀ, ਜਦਕਿ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਚਾਰੇ ਵਿਅਕਤੀ ਪੁਲਸ ਨੂੰ ਦੇਖ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਨੂੰ ਲੈ ਕੇ ਪੁਲਸ ਵੱਲੋਂ ਥਾਣਾ ਸਦਰ ਫਿਰੋਜ਼ਪੁਰ ’ਚ ਕੁਲਵੰਤ ਸਿੰਘ, ਮੇਜਰ ਸਿੰਘ, ਭਜਨ ਸਿੰਘ ਤੇ ਰਾਜੂ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। 
 

Aarti dhillon

This news is Content Editor Aarti dhillon