ਸੱਟੇਬਾਜ਼ਾਂ ''ਤੇ ਕੱਸਿਆ ਸ਼ਿਕੰਜਾ ; 4 ਗ੍ਰਿਫਤਾਰ

04/25/2018 4:58:18 PM

ਪਟਿਆਲਾ (ਬਲਜਿੰਦਰ) : ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਦੇ ਨਿਰਦੇਸ਼ਾਂ 'ਤੇ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਸ਼ਹਿਰ ਦੇ ਸੱਟੇਬਾਜ਼ਾਂ 'ਤੇ ਸ਼ਿਕੰਜਾ ਕੱਸਣ ਲਈ ਸ਼ਹਿਰ ਵਿਚ ਇਕੋ ਟਾਈਮ 4 ਵੱਖ-ਵੱਖ ਟੀਮਾਂ ਬਣਾ ਕੇ ਰੇਡ ਕੀਤੀ। ਇੰਚਾਰਜ ਇੰਸ. ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਟੀਮਾਂ ਵਲੋਂ ਦੜੇ-ਸੱਟੇ ਦੇ ਦੋਸ਼ 'ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 14,930 ਰੁਪਏ ਬਰਾਮਦ ਕੀਤੇ ਹਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਹਿਲੇ ਕੇਸ 'ਚ ਏ. ਐੱਸ. ਆਈ. ਜਗਜੀਤ ਸਿੰਘ ਪੁਲਸ ਪਾਰਟੀ ਸਮੇਤ ਫਾਟਕ ਨੰਬਰ 15 ਅੰਡਰ ਬ੍ਰਿਜ ਡੀ. ਐੈੱਮ. ਡਬਲਿਊ. ਵਿਖੇ ਮੌਜੂਦ ਸਨ। ਮਿਲੀ ਸੂਚਨਾ ਦੇ ਆਧਾਰ 'ਤੇ ਪ੍ਰਦੀਪ ਗੋਇਲ ਵਾਸੀ ਕਿਰਾਏਦਾਰ ਦਸਮੇਸ਼ ਨਗਰ ਤ੍ਰਿਪੜੀ ਪਟਿਆਲਾ ਨੂੰ ਅੰਡਰ ਬ੍ਰਿਜ ਕੋਲ ਕਿਰਾਏ ਦੀ ਦੁਕਾਨ 'ਚੋਂ ਸਰਕਾਰੀ ਲਾਟਰੀ ਦੀ ਪਰਚੀ ਦੀ ਆੜ 'ਚ ਦੜਾ-ਸੱਟਾ ਲਾਉਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਉਸ ਦੇ ਕਬਜ਼ੇ 'ਚੋਂ 3900 ਰੁਪਏ ਬਰਾਮਦ ਕੀਤੇ ਗਏ। ਥਾਣਾ ਤ੍ਰਿਪੜੀ ਵਿਖੇ 420 ਆਈ. ਪੀ. ਸੀ. ਅਤੇ ਜੂਆ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
ਦੂਜੇ ਕੇਸ 'ਚ ਏ. ਐੱਸ. ਆਈ. ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਫੈਕਟਰੀ ਏਰੀਆ ਵਿਖੇ ਮੌਜੂਦ ਸਨ। ਮਿਲੀ ਸੂਚਨਾ ਦੇ ਆਧਾਰ 'ਤੇ ਮਨਪ੍ਰੀਤ ਸਿੰਘ ਵਾਸੀ ਨਿਊ ਯਾਦਵਿੰਦਰਾ ਕਾਲੋਨੀ ਸਾਹਮਣੇ ਬੇਕਮੈਨ ਬਿਸਕੁਟ ਫੈਕਟਰੀ ਪਟਿਆਲਾ ਨੂੰ ਸਰਕਾਰੀ ਲਾਟਰੀ ਦੀ ਆੜ 'ਚ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਉਸ ਤੋਂ 3210 ਰੁਪਏ ਬਰਾਮਦ ਕੀਤੇ ਗਏ। ਖਿਲਾਫ ਥਾਣਾ ਤ੍ਰਿਪੜੀ ਵਿਖੇ ਜੂਆ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
ਤੀਜੇ ਕੇਸ 'ਚ ਏ. ਐੱਸ. ਆਈ. ਦੀਪ ਸਿੰਘ ਪੁਲਸ ਪਾਰਟੀ ਸਮੇਤ ਥੇੜੀ ਨੇੜੇ ਸਟੇਟ ਬੈਂਕ ਆਫ ਇੰਡੀਆ ਵਿਖੇ ਮੌਜੂਦ ਸਨ। ਮਿਲੀ ਸੂਚਨਾ ਦੇ ਆਧਾਰ 'ਤੇ ਅਨਿਲ ਕੁਮਾਰ ਵਾਸੀ ਅਨੰਦ ਨਗਰ-ਬੀ ਤ੍ਰਿਪੜੀ ਪਟਿਆਲਾ ਨੂੰ ਬੈਂਕ ਦੇ ਨਾਲ ਕਿਰਾਏ ਦੀ ਦੁਕਾਨ 'ਚ ਬੈਠ ਕੇ ਸਰਕਾਰੀ ਲਾਟਰੀ ਦੀ ਆੜ 'ਚ ਦੜੇ-ਸੱਟੇ ਦਾ ਕਾਰੋਬਾਰ ਕਰਦੇ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 4210 ਰੁਪਏ ਬਰਾਮਦ ਕੀਤੇ ਗਏ। ਥਾਣਾ ਸਦਰ ਪਟਿਆਲਾ ਵਿਖੇ 420 ਆਈ. ਪੀ. ਸੀ. ਅਤੇ ਜੂਆ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਚੌਥੇ ਕੇਸ 'ਚ ਏ. ਐੱਸ. ਆਈ. ਸੂਰਜ ਪ੍ਰਕਾਸ਼ ਨੇ ਸੰਨੀ ਕੁਮਾਰ ਵਾਸੀ ਸਾਹਿਬ ਨਗਰ ਥੇੜੀ ਨੂੰ ਗ੍ਰਿਫਤਾਰ ਕੀਤਾ ਹੈ। ਸੂਰਜ ਪ੍ਰਕਾਸ਼ ਪਿੰਡ ਥੇੜੀ ਮਾਰਕੀਟ ਵਿਖੇ ਮੌਜੂਦ ਸੀ। ਮਿਲੀ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਸੰਨੀ ਨੂੰ ਮਾਰਕੀਟ 'ਚ ਦੁਕਾਨ ਕਿਰਾਏ 'ਤੇ ਲੈ ਕੇ ਸਰਕਾਰੀ ਲਾਟਰੀ ਦੀ ਆੜ 'ਚ ਭੋਲੇ-ਭਾਲੇ ਲੋਕਾਂ ਨੂੰ ਦੜ੍ਹੇ-ਸੱਟੇ ਦੀਆਂ ਪਰਚੀਆਂ ਦਿੰਦੇ ਹੋਏ ਗ੍ਰਿਫਤਾਰ ਕਰ ਕੇ ਉਸ ਤੋਂ 3610 ਰੁਪਏ ਬਰਾਮਦ ਕੀਤੇ ਹਨ। ਉਸ ਦੇ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ 420 ਅਤੇ ਜੂਆ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।